Punjab 'ਚ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਨਵੀਂ ਗਾਈਡਲਾਈਨ, ਪੰਜਾਬ ਪੁਲਿਸ ਨੂੰ ਭੇਜੀ 52 ਸ਼ਬਦਾਂ ਦੀ ਸੂਚੀ
Punjab News : ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (PBI) ਨੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ (SSPs) ਨੂੰ ਨਵੇਂ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ

Punjab News : ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (PBI) ਨੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ (SSPs) ਨੂੰ ਨਵੇਂ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਬਿਊਰੋ ਦੇ ਡਾਇਰੈਕਟਰ ਐਲ. ਕੇ. ਯਾਦਵ ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਬੇਅਦਬੀ ਨਾਲ ਸਬੰਧਤ ਜਾਂਚ ਦੌਰਾਨ ਤਿਆਰ ਕੀਤੀਆਂ ਜਾਣ ਵਾਲੀਆਂ ਕੇਸ ਡਾਇਰੀਆਂ ਅਤੇ ਹੋਰ ਕਾਨੂੰਨੀ ਦਸਤਾਵੇਜ਼ਾਂ ਵਿੱਚ ਕਿਸੇ ਵੀ ਆਮ ਜਾਂ ਅਣਉਚਿਤ ਸ਼ਬਦ ਦੀ ਵਰਤੋਂ ਨਹੀਂ ਹੋਵੇਗੀ। ਇਸ ਦੀ ਥਾਂ ਵਿਭਾਗ ਵੱਲੋਂ ਜਾਰੀ ਕੀਤੀ ਗਈ 52 ਸਤਿਕਾਰਯੋਗ ਸ਼ਬਦਾਂ ਦੀ ਸੂਚੀ ਵਿੱਚ ਦਿੱਤੇ ਸ਼ਬਦਾਂ ਦੀ ਹੀ ਵਰਤੋਂ ਕੀਤੀ ਜਾਵੇਗੀ।
ਇਹ ਕਦਮ 16 ਜੂਨ ਨੂੰ ਜਾਰੀ ਸਰਕੁਲਰ ਦੀ ਪਾਲਣਾ ਲਈ ਚੁੱਕਿਆ ਗਿਆ ਹੈ। ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਪੂਰੀ ਸੰਵੇਦਨਸ਼ੀਲਤਾ, ਨਿਰਪੱਖਤਾ ਅਤੇ ਵਸਤੂਨਿਸ਼ਠਤਾ ਨਾਲ ਕੀਤੀ ਜਾਵੇ।
FIR ਵਿੱਚ ਵੀ ਧਾਰਮਿਕ ਭਾਵਨਾਵਾਂ ਦਾ ਪੂਰਾ ਸਤਿਕਾਰ
ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜਾਂਚ ਦੇ ਕਿਸੇ ਵੀ ਪੜਾਅ ਦੌਰਾਨ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਜਾਂਚ ਨਾਲ ਜੁੜੇ ਕਿਸੇ ਵੀ ਦਸਤਾਵੇਜ਼ ਜਾਂ ਭਾਸ਼ਾ ਵਿੱਚ ਅਜਿਹੇ ਸ਼ਬਦ ਨਹੀਂ ਵਰਤੇ ਜਾਣਗੇ ਜੋ ਪਵਿੱਤਰ ਸਮੱਗਰੀ ਪ੍ਰਤੀ ਅਨਾਦਰ ਦਾ ਭਾਵ ਪੈਦਾ ਕਰਨ, ਕਿਉਂਕਿ ਇਸ ਨਾਲ ਕਾਨੂੰਨ-ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ।
52 ਸਤਿਕਾਰਯੋਗ ਧਾਰਮਿਕ ਸ਼ਬਦਾਂ ਦੀ ਸੂਚੀ ਜਾਰੀ
ਪੱਤਰ ਨਾਲ ਪੁਲਿਸ ਅਧਿਕਾਰੀਆਂ ਨੂੰ 'ਸਿੱਖ ਰਹਿਤ ਮਰਿਆਦਾ' ਅਨੁਸਾਰ ਵਰਤੋਂ ਲਈ 52 ਸਤਿਕਾਰਯੋਗ ਸ਼ਬਦਾਂ ਦੀ ਸੋਧੀ ਹੋਈ ਸੂਚੀ ਵੀ ਭੇਜੀ ਗਈ ਹੈ। ਪਹਿਲਾਂ ਜਾਰੀ ਕੀਤੀ ਸੂਚੀ ਵਿੱਚ ਕੁਝ ਨਵੇਂ ਸ਼ਬਦ ਵੀ ਸ਼ਾਮਲ ਕੀਤੇ ਗਏ ਹਨ ਤਾਂ ਜੋ ਜਾਂਚ ਅਧਿਕਾਰੀ ਲੋੜ ਪੈਣ 'ਤੇ ਤੁਰੰਤ ਉਨ੍ਹਾਂ ਦਾ ਹਵਾਲਾ ਲੈ ਸਕਣ।
ਧਾਰਮਿਕ ਮਰਿਆਦਾ ਅਨੁਸਾਰ ਹੀ ਹੋਵੇਗੀ ਜਾਂਚ
ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਇਸ ਸੋਧੀ ਹੋਈ ਸਤਿਕਾਰਯੋਗ ਸ਼ਬਦਾਵਲੀ ਨਾਲ ਜਾਂਚ ਪ੍ਰਕਿਰਿਆ ਵਿੱਚ ਇਕਸਾਰਤਾ ਆਵੇਗੀ। ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਸਾਰੇ ਜਾਂਚ ਅਧਿਕਾਰੀਆਂ ਨੂੰ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਆਦੇਸ਼ ਜਾਰੀ ਕਰਨ, ਤਾਂ ਜੋ ਕਾਨੂੰਨ ਅਨੁਸਾਰ ਤੇਜ਼ ਅਤੇ ਸਤਿਕਾਰਯੋਗ ਕਾਰਵਾਈ ਯਕੀਨੀ ਬਣਾਈ ਜਾ ਸਕੇ।
Before You Go
ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਟ੍ਰੈਂਡਿੰਗ ਟੌਪਿਕ






















