ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਦੇ ਜਵਾਬ ਵਿੱਚ, ਹਾਲ ਹੀ ਵਿੱਚ ਕੋਰੋਨਾਵਾਇਰਸ ਤੋਂ ਸਿਹਤਯਾਬ ਹੋਏ 40 ਪੁਲਿਸ ਮੁਲਾਜ਼ਮਾਂ ਨੇ ਮਾਰੂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਦੂਜੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਆਪਣੇ ਖੂਨ ਦਾ ਪਲਾਜ਼ਮਾ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।


ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ ਜਲੰਧਰ ਦਿਹਾਤੀ ਇਲਾਕੇ ਨਾਲ ਸਬੰਧਤ ਹਨ ਤੇ ਐਸਐਸਪੀ ਨਵਜੋਤ ਸਿੰਘ ਮਾਹਲ ਖ਼ੁਦ ਇਸ ਲਾਗ ਤੋਂ ਠੀਕ ਹੋਣ ਬਾਅਦ ਹੋਰਨਾਂ ਨੂੰ ਵੀ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਤੋਂ ਸਿਹਤਯਾਬ ਹੋਏ ਆਪਣੇ ਸਾਥੀ ਅਧਿਕਾਰੀਆਂ ਤੇ ਹੋਰਨਾਂ ਕੋਲ ਨਿੱਜੀ ਤੌਰ 'ਤੇ ਜਾ ਕੇ ਉਹਨਾਂ ਨੂੰ ਦੋ ਹਫ਼ਤਿਆਂ ਦੀ ਰਿਕਵਰੀ ਦਾ ਸਮਾਂ ਖ਼ਤਮ ਹੋਣ ਮਗਰੋਂ ਹੋਰਨਾਂ ਸ਼ਰਤਾਂ ਅਨੁਸਾਰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ।

ਗੁਪਤਾ ਨੇ ਖੁਲਾਸਾ ਕੀਤਾ ਕਿ ਐਸਐਸਪੀ ਜਲੰਧਰ ਦਿਹਾਤੀ ਦੇ ਪਲਾਜ਼ਮਾ ਦਾਨ ਲਈ ਵਚਨਬੱਧ ਹੋਣ ਤੋਂ 24 ਘੰਟਿਆਂ ਦੇ ਅੰਦਰ, 40 ਹੋਰ ਪੁਲਿਸ ਮੁਲਾਜ਼ਮਾਂ ਨੇ ਵੀ ਸਵੈ-ਇੱਛਾ ਨਾਲ ਪਲਾਜ਼ਮਾ ਦਾਨ ਕੀਤਾ, ਜਿਸ ਤੋਂ ਬਾਅਦ ਕਈ ਹੋਰ ਵੀ ਅੱਗੇ ਆਏ। ਦੋ ਹੋਰ ਪੁਲਿਸ ਮੁਲਾਜ਼ਮਾਂ ਏਐਸਆਈ ਰਾਮ ਲਾਲ ਤੇ ਪੀਐਚਜੀ ਲਖਵਿੰਦਰ ਸਿੰਘ ਦਾ ਪਲਾਜ਼ਮਾ ਪਹਿਲਾਂ ਹੀ ਲਿਆ ਜਾ ਚੁੱਕਾ ਸੀ। ਡੀਜੀਪੀ ਨੇ ਕਿਹਾ ਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਪੁਲਿਸ ਵਿਭਾਗ ਵੱਲੋਂ ਪਲਾਜ਼ਮਾ ਦਾਨ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ।