ਚੰਡੀਗੜ੍ਹ: ਕੇਂਦਰੀ ਏਜੰਸੀਆਂ ਦੇ ਅਲਰਟ ਮਗਰੋਂ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਪੰਜਾਬ ਪੁਲਿਸ ਨੇ ਵੱਖ-ਵੱਖ ਰੈਂਕਾਂ ਦੇ ਕਰੀਬ 135 ਗਜ਼ਟਿਡ ਅਫ਼ਸਰਾਂ ਨੂੰ ਸੂਬੇ ਭਰ ਵਿੱਚ ਰਾਤ ਦੀ ਡਿਉਟੀ ਲਈ ਤਾਇਨਾਤ ਕੀਤਾ ਹੈ। ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਮੁਤਾਬਕ ਇਨ੍ਹਾਂ ਅਫਸਰਾਂ ਨੂੰ ਕਿਸੇ ਵੀ ਕਿਸਮ ਦੀ ਅਤਿਵਾਦੀ ਜਾਂ ਅਪਰਾਧਿਕ ਗਤੀਵਿਧੀ ਨੂੰ ਰੋਕਣ ਲਈ ‘ਨਾਈਟ ਡੌਮੀਨੇਸ਼ਨ ਅਪਰੇਸ਼ਨਾਂ’ ਲਈ ਤਾਇਨਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਹੈ।


ਦੱਸ ਦਈਏ ਕਿ ਪਿਛਲੇ ਦਿਨੀਂ ਕੇਂਦੀ ਏਜੰਸੀ ਆਈਬੀ ਨੇ ਪੰਜਾਬ ਸਰਕਾਰ ਨੂੰ ਚੌਕਸ ਕੀਤਾ ਸੀ ਕਿ ਆਰਐਸਐਸ ਦੀਆਂ ਸ਼ਾਖਾਵਾਂ ਤੇ ਕੁਝ ਹਿੰਦੂ ਲੀਡਰਾਂ ਨੂੰ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅੱਤਵਾਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਸ ਮਗਰੋਂ ਉਪ ਮੁੱਖ ਮੰਤਰੀ ਰੰਧਾਵਾ ਨੇ ਮੰਗਲਵਾਰ ਨੂੰ ਅੰਮ੍ਰਿਤਸਰ ’ਚ ਕ੍ਰਾਈਮ ਰਿਵੀਊ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪੁਲਿਸ ਫੋਰਸ ਨੂੰ ਸੂਬੇ ਭਰ ’ਚ ਰਾਤ ਦੀ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਸਨ।



ਡੀਜੀਪੀ ਨੇ ਦੱਸਿਆ ਕਿ ਹਰੇਕ ਪੁਲਿਸ ਜ਼ਿਲ੍ਹੇ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਤੇ ਹਰੇਕ ਸੈਕਟਰ ਲਈ ਡੀਐਸਪੀ ਜਾਂ ਐਸਪੀ ਰੈਂਕ ਦਾ ਇੱਕ ਗਜ਼ਟਿਡ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ ਜੋ ਆਪਣੇ ਅਧਿਕਾਰ ਖੇਤਰ ਵਿਚ ਰਾਤ ਦੀ ਗਸ਼ਤ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਰੁਟੀਨ ਨਾਕਿਆਂ ਜਾਂ ਵਾਹਨਾਂ ਦੀ ਚੈਕਿੰਗ ਤੋਂ ਇਲਾਵਾ ਤਾਇਨਾਤ ਕੀਤੇ ਗਏ ਅਫ਼ਸਰਾਂ ਨੂੰ ਸੰਵੇਦਨਸ਼ੀਲ ਥਾਵਾਂ ਜਿਵੇਂ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਸਥਾਨਾਂ, ਆਰਐਸਐਸ ਸ਼ਾਖਾਵਾਂ ’ਤੇ ਵੀ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।


ਇਸ ਦੌਰਾਨ, ਪੁਲਿਸ ਕਮਿਸ਼ਨਰਾਂ/ਐਸਐਸਪੀਜ਼ ਨੂੰ ਵੀ ਡ੍ਰੋਨਾਂ ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਡੀਜੀਪੀ ਨੇ ਸੀਪੀਜ /ਐਸਐਸਪੀਜ਼ ਨੂੰ ਸਾਰੇ ਪੀਸੀਆਰ/ਆਰਆਰਪੀਐਸ ਵਾਹਨਾਂ ਤੇ ਬੁਲੇਟ ਪਰੂਫ਼ ਮੋਰਚਿਆਂ ਦੀ ਵਰਤੋਂ ਸੰਵੇਦਨਸ਼ੀਲ ਥਾਵਾਂ ਨੂੰ ਕਵਰ ਸਣੇ ਸਾਰੇ ਕੰਟਰੋਲ ਰੂਮਾਂ ਨੂੰ ਸਰਗਰਮ ਕਰਨ ਦੇ ਆਦੇਸ਼ ਦਿੱਤੇ।