ਬਠਿੰਡਾ ਵਿੱਚ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦਾ ਲੁਟੇਰਿਆਂ ਨੇ ਗੁੱਟ ਵੱਢ ਦਿੱਤਾ। ਜਿਸ ਕਾਰਨ ਹੈੱਡ ਕਾਂਸਟੇਬਲ ਕਿੱਕਰ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਇਹ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਰਹੇ ਹਨ ਤਾਂ ਹੈੱਡ ਕਾਂਸਟੇਬਲ ਕਿੱਕਰ ਸਿੰਘ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਦੌਰਾਨ ਲੁਟੇਰਿਆਂ ਨੇ ਪੁਲਿਸ 'ਤੇ ਹੀ ਹਮਲਾ ਕਰ ਦਿੱਤਾ।


ਬਠਿੰਡਾ ਦੇ ਪਿੰਡ ਧੁਨੀਕੇ ਤੋਂ ਕਾਲਝਰਾਨੀ ਨੂੰ ਜਾਂਦੀ ਲਿੰਕ ਰੋਡ ਸੜਕ 'ਤੇ ਇਹ ਘਟਨਾ ਵਾਪਰੀ ਸੀ। ਹੈੱਡ ਕਾਂਸਟੇਬਲ ਕਿੱਕਰ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਦਫ਼ਤਰ ਤੋਂ ਕਾਲਝਰਾਨੀ ਵਾਲੀ ਸਾਈਡ ਆ ਰਹੇ ਸੀ ਤਾਂ ਸੜਕ ਕਿਨਾਰੇ ਇੱਕ ਨੌਜਵਾਨ ਬੈਠਾ ਰੋ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਮੇਰੇ ਤੋਂ ਕਾਰ ਸਵਾਰ ਲੁਟੇਰੇ ਮੇਰਾ ਕੀਮਤੀ ਸਮਾਨ ਲੁੱਟ ਕੇ ਕਾਲਝਰਾਨੀ ਸਾਈਡ ਗਏ ਹਨ।


ਜਦੋਂ ਅਸੀਂ ਆਪਣੀ ਗੱਡੀ ਲੁਟੇਰਿਆਂ ਦੇ ਪਿੱਛੇ ਲਾ ਕੇ ਉਨ੍ਹਾਂ ਦੀ ਸਵੀਫਟ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਲੁਟੇਰਿਆਂ ਨੇ ਹਥਿਆਰਾਂ ਨਾਲ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ। ਹੈੱਡ ਕਾਂਸਟੇਬਲ ਨੇ ਦੱਸਿਆ ਕਿ ਲੁਟੇਰਿਆਂ ਨੂੰ ਫੜਨ ਲਈ ਮੈਂ ਆਪਣੀ ਕਾਰ ਚੋਂ ਉੱਤਰਿਆ ਤਾਂ ਇੱਕ ਲੁਟੇਰੇ ਨੇ ਤਲਵਾਰ ਨਾਲ ਮੇਰੇ 'ਤੇ ਵਾਰ ਕੀਤਾ ਅਤੇ ਮੇਰਾ ਗੁੱਢ ਵੱਢ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। 


ਇਸ ਦੌਰਾਨ ਆਸ-ਪਾਸ ਦੇ ਨੌਜਵਾਨ ਅਤੇ ਖੇਤਾਂ ਵਿੱਚ ਕੰਮ ਕਰਦੇ ਲੋਕ ਵੀ ਆ ਗਏ। ਸਾਰੇ ਲੋਕਾਂ ਨੇ ਮਿਲ ਕੇ 5 ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਪੰਜਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਨੰਦਗੜ੍ਹ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।



ਹੈੱਡ ਕਾਂਸਟੇਬਲ ਨੂੰ ਇਲਾਜ ਲਈ ਪਹਿਲਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਚੱਲਦੇ ਹੀ ਡੀ.ਐਸ.ਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਪ੍ਰਾਈਵੇਟ ਹੌਸਪੀਟਲ ਪਹੁੰਚੇ ਜਿੱਥੇ ਜਖ਼ਮੀ ਦਾ ਡਾਕਟਰ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਰਮਚਾਰੀ ਦੀ ਸਰਜਰੀ ਥੋੜ੍ਹੀ ਦੇਰ ਤੱਕ ਡਾਕਟਰਜ਼ ਵਲੋਂ ਕੀਤੀ ਜਾਵੇਗੀ ਫਿਲਹਾਲ ਜ਼ਖਮੀ ਪੁਲਿਸ ਕਰਮਚਾਰੀ ਕਿੱਕਰ ਸਿੰਘ ਦੀ ਹਾਲਤ ਸਥਿਰ ਹੈ।