ਚੰਡੀਗੜ੍ਹ: ਸਰਕਾਰੀ ਦਾਅਵਿਆਂ ਦੀ ਬਾਵਜੂਦ ਪੰਜਾਬ ਵਿੱਚ ਨਸ਼ਿਆਂ ਦੀ ਕਹਿਰ ਜਾਰੀ ਹੈ। ਇਸ ਦੀ ਪੋਲ ਅੱਜ ਬਠਿੰਡਾ ਪੁਲਿਸ ਵੱਲੋਂ ਫਾਰਮਾਸਿਊਟੀਕਲ ਡਰੱਗ ਸਰਗਨੇ ਪਰਦੀਪ ਗੋਇਲ ਦੀ ਗ੍ਰਿਫਤਾਰੀ ਨਾਲ ਖੁੱਲ੍ਹੀ ਹੈ। ਉਸ ਨੇ ਪੂਰੇ ਪੰਜਾਬ ਵਿੱਚ ਟਰਾਮਾਡੋਲ ਦੀਆਂ 70 ਲੱਖ ਗੋਲੀਆਂ ਸਪਲਾਈ ਕੀਤੀਆਂ ਹਨ। ਪਰਦੀਪ ਗੋਇਲ 2007 ਤੋਂ ਮੈਡੀਕਲ ਸਟੋਰ ਚਲਾਉਂਦਾ ਸੀ। ਉਸ ਦਾ ਦਿੱਲੀ ਤੇ ਜ਼ੀਰਕਪੁਰ ਨਾਲ ਲਿੰਕ ਜੁੜਿਆ ਹੋਇਆ ਹੈ।

ਨਸ਼ਿਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਐਸਟੀਐਫ ਦੀ ਮੁਖੀ ਗੁਰਪ੍ਰੀਤ ਦਿਓ ਨੇ ਦੱਸਿਆ ਕਿ ਪ੍ਰਦੀਪ ਗੋਇਲ ਪੰਜਾਬ ਭਰ ਵਿੱਚ ਫਾਰਮਾਸਿਊਟੀਕਲ ਡਰੱਗ ਰੈਕੇਟ ਚਲਾਉਂਦਾ ਸੀ। ਉਸ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ 9 ਲੱਖ ਟਰਾਮਾਡੋਲ ਦੀਆਂ ਗੋਲੀਆਂ ਦੀ ਰਿਕਵਰੀ ਕੀਤੀ ਗਈ ਹੈ। ਗੁਰਪ੍ਰੀਤ ਦਿਓ ਨੇ ਦਾਅਵਾ ਕੀਤਾ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਰੈਕੇਟ ਦੀਆਂ ਤਾਰਾਂ ਦਿੱਲੀ ਤੱਕ ਫੈਲੀਆਂ ਹੋਈਆਂ ਹਨ। ਐਸਟੀਐਫ ਇਸ ਨੂੰ ਬੇਨਕਾਬ ਕਰਨ ਲਈ ਤਫ਼ਤੀਸ਼ ਅੱਗੇ ਵਧਾ ਰਿਹਾ ਹੈ।

ਇਸ ਦੇ ਨਾਲ ਹੀ ਐਗਰੀਕਲਚਰ ਤੇ ਫੂਡ ਸੈਕਟਰੀ ਕਾਹਨ ਸਿੰਘ ਪੰਨੂੰ ਨੇ ਵੀ ਕਿਹਾ ਕਿ ਪ੍ਰਦੀਪ ਗੋਇਲ ਦਾ ਲਾਇਸੈਂਸ ਕੈਂਸਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਟਰਾਮਾਡੋਲ ਵਰਗੀਆਂ ਪਾਬੰਦੀਸ਼ੁਦਾ ਦਵਾਈਆਂ ਪੰਜਾਬ ਭਰ ਵਿੱਚ ਚੋਣਵੀਆਂ ਕੈਮਿਸਟ ਦੀਆਂ ਦੁਕਾਨਾਂ 'ਤੇ ਹੀ ਮਿਲ ਸਕਣਗੀਆਂ। ਇਸ ਦਾ ਪ੍ਰਸਤਾਵ ਤਿਆਰ ਕਰਕੇ ਕਾਹਨ ਸਿੰਘ ਪੰਨੂ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਜਾਵੇਗਾ ਤਾਂ ਕਿ ਫਾਰਮਾਸਿਊਟੀਕਲ ਡਰੱਗ ਨੈਕਸਸ ਨੂੰ ਨੱਥ ਪਾਈ ਜਾ ਸਕੇ।