ਸ੍ਰੀ ਮੁਕਤਸਰ ਸਾਹਿਬ : ਅੱਜ ਸ੍ਰੀ ਮੁਕਤਸਰ ਸਾਹਿਬ ਦੇ ਰੋਡਵੇਜ਼ ਡਿਪੂ ਦੇ ਵਿੱਚ ਬੱਸਾਂ ਦਾ ਚੱਕਾ ਉਸ ਵੇਲੇ ਜਾਮ ਹੋ ਗਿਆ, ਜਦੋਂ ਡੀਜ਼ਲ ਦੀ ਕਮੀ ਆ ਗਈ।  ਡੀਜ਼ਲ ਦੀ ਕਮੀ ਹੋਣ ਕਾਰਨ ਕਈ ਬੱਸਾਂ ਡਿਪੂ ਦੇ ਵਿਚ ਬੰਦ ਦਿਖਾਈ ਦਿੱਤੀਆਂ। ਬੱਸ ਦੇ ਕੰਡਕਟਰ ਤੇ ਡਰਾਈਵਰ ਨੇ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ 2 ਮਹੀਨਿਆਂ ਤੋਂ ਡੀਪੂ ਦਾ ਸਰਕਾਰੀ ਪੰਪ ਬੰਦ ਪਿਆ ਹੋਇਆ ਹੈ ਤੇ ਬੱਸਾਂ ਦੇ ਵਿੱਚ ਤੇਲ ਪ੍ਰਾਈਵੇਟ ਪੰਪਾਂ ਤੋਂ ਪਵਾਇਆ ਜਾ ਰਿਹਾ ਸੀ ਤੇ ਪ੍ਰਾਈਵੇਟ ਪੰਪਾਂ ਨੂੰ ਜਦੋਂ ਤੇਲ ਦਾ ਰਹਿੰਦਾ ਬਕਾਇਆ ਨਹੀਂ ਮਿਲਿਆ ਤਾਂ ਪੰਪਾਂ ਵਾਲਿਆਂ ਨੇ ਤੇਲ ਪਾਉਣ ਤੋਂ ਇਨਕਾਰ ਕਰ ਦਿੱਤਾ। 

 

ਜਿਸ ਕਾਰਨ ਬੱਸਾਂ ਨੂੰ ਡਿੱਪੂ ਦੇ ਵਿੱਚ ਬੰਦ ਕਰਨਾ ਪਿਆ ਹੈ। ਵਰਕਰਾਂ ਨੇ ਦੱਸਿਆ ਕਿ ਰੋਡਵੇਜ਼ ਪਨਬੱਸ ਘਾਟੇ ਵਿੱਚ ਚੱਲ ਰਹੀ ਹੈ, ਜਿਸ ਦਾ ਕਾਰਨ ਕਿਤੇ ਨਾ ਕਿਤੇ ਫ੍ਰੀ ਸਫ਼ਰ ਨੂੰ ਕਿਹਾ ਜਾ ਸਕਦਾ ਹੈ। ਵਰਕਰਾਂ ਨੇ ਮਾਨਯੋਗ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਟਰਾਸਪੋਰਟ ਵੱਲ ਧਿਆਨ ਦੇਣ ਤਾਂ ਜੋ ਬੱਸਾਂ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ। ਇਸ ਮਾਮਲੇ ਸਬੰਧੀ ਜਦੋਂ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਮੇਰੀ ਜੀ.ਐੱਮ ਨਾਲ ਗੱਲ ਹੋ ਚੁੱਕੀ ਹੈ ਜਲਦ ਹੀ ਬੱਸਾਂ ਦੇ ਵਿੱਚ ਤੇਲ ਪਾਇਆ ਜਾਵੇਗਾ।


ਜਦੋਂ ਦੂਜੇ ਪਾਸੇ ਬੱਸ ਸਟੈਂਡ ਵਿਚ ਬੈਠੀ ਹੋਈ ਸਵਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਇਕ ਤੋਂ ਡੇਢ ਘੰਟੇ ਦੇ ਕਰੀਬ ਹੋ ਗਿਆ ਬੱਸ ਸਟੈਂਡ ਦੇ ਵਿੱਚ ਬੈਠਿਆਂ ਨੂੰ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਸਰਕਾਰੀ ਬੱਸ ਨਹੀਂ ਆਈ ,ਜਿਸ ਕਰਕੇ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਡਵੇਜ਼ 'ਤੇ ਫਰੀ ਸਫ਼ਰ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਉਸ ਨੂੰ ਆਪਣੇ ਘਰ ਪਹੁੰਚਣਾ ਸੀ ਪਰ ਅਜੇ ਤੱਕ ਸਰਕਾਰੀ ਬੱਸ ਨਹੀਂ ਪਹੁੰਚੀ, ਜਿਸ ਕਰਕੇ ਉਨ੍ਹਾਂ ਨੂੰ ਵੀ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਨਿਕਲਿਆ।