Thomas Cup Badminton: ਭਾਰਤ ਨੇ ਥੌਮਸ ਕੱਪ ਦੇ ਫਾਈਨਲ ਮੈਚ ਵਿੱਚ ਇੰਡੋਨੇਸ਼ੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਲਕਸ਼ਯ ਸੇਨ ਨੇ ਪਹਿਲਾ ਤੇ ਸਾਤਵਿਕ ਚਿਰਾਗ ਦੀ ਜੋੜੀ ਨੇ ਦੂਜੇ ਮੈਚ ਵਿੱਚ ਭਾਰਤ ਨੂੰ ਜਿੱਤ ਦਿਵਾਈ। ਇਸ ਤੋਂ ਬਾਅਦ ਕਿੰਦੰਬੀ ਸ਼੍ਰੀਕਾਂਤ ਨੇ ਤੀਜਾ ਮੈਚ ਜਿੱਤ ਕੇ ਭਾਰਤੀ ਟੀਮ ਨੂੰ ਪਹਿਲੀ ਵਾਰ ਥੌਮਸ ਕੱਪ ਦਾ ਚੈਂਪੀਅਨ ਬਣਾਇਆ। 


ਲਕਸ਼ਯ ਸੇਨ ਨੇ ਸ਼ੁਰੂਆਤੀ ਮੈਚ ਵਿੱਚ ਪਿਛਲੇ ਚੈਂਪੀਅਨ ਇੰਡੋਨੇਸ਼ੀਆ ਦੇ ਐਂਟੋਨੀ ਸਿਨਿਸੁਕਾ ਨੂੰ 8-21, 21-17, 21-16 ਨਾਲ ਹਰਾਇਆ। ਦੂਜੇ ਮੈਚ ਵਿੱਚ ਵੀ ਸਾਤਵਿਕ ਚਿਰਾਗ ਦੀ ਜੋੜੀ ਨੇ 18-21, 23-21, 21-19 ਨਾਲ ਜਿੱਤ ਦਰਜ ਕੀਤੀ। ਤੀਜਾ ਮੈਚ ਸ਼੍ਰੀਕਾਂਤ ਤੇ ਕ੍ਰਿਸਟੀ ਵਿਚਾਲੇ ਖੇਡਿਆ ਜਾ ਰਿਹਾ ਹੈ ਤੇ ਪਹਿਲਾ ਸੈੱਟ ਕਿਦਾਂਬੀ ਸ਼੍ਰੀਕਾਂਤ ਨੇ ਜਿੱਤ ਲਿਆ ਹੈ।


ਇਸ ਇਤਿਹਾਸਕ ਜਿੱਤ ਲਈ ਪੰਜਾਬ ਦੇ ਖੇਡ ਮੰਤਰੀ, ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਭਾਰਤੀ ਬੈਡਮਿੰਟਨ ਲਈ ਸੁਨਹਿਰੀ ਦਿਨ। ਭਾਰਤੀ ਪੁਰਸ਼ ਟੀਮ ਨੇ ਪਹਿਲੀ ਬਾਰ ਥੌਮਸ ਕੱਪ ਜਿੱਤਿਆ। ਇਸ ਇਤਿਹਾਸਕ ਪ੍ਰਾਪਤੀ ਲਈ ਟੀਮ ਦੇ ਸਾਰੇ ਖਿਡਾਰੀਆਂ, ਕੋਚ ਤੇ ਟੀਮ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈ। ਸੱਚਮੁੱਚ ਇਹ ਇਕ ਟੀਮ ਦੀ ਜਿੱਤ ਹੈ ਜਿਹੜੀ ਖਿਡਾਰੀਆਂ ਦੀ ਸਖ਼ਤ ਮਿਹਨਤ ਸਦਕਾ ਸੰਭਵ ਹੋਈ।”


 




ਥਾਮਸ ਕੱਪ ਮੁਕਾਬਲਾ ਕਰਵਾਉਣ ਦਾ ਵਿਚਾਰ 1900 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਬਹੁਤ ਹੀ ਸਫਲ ਅੰਗਰੇਜ਼ੀ ਬੈਡਮਿੰਟਨ ਖਿਡਾਰੀ ਸਰ ਜਾਰਜ ਐਲਨ ਥਾਮਸ ਤੋਂ ਆਇਆ ਸੀ। ਜਾਰਜ ਥਾਮਸ ਪੁਰਸ਼ ਟੂਰਨਾਮੈਂਟ ਨੂੰ ਫੁੱਟਬਾਲ ਵਿਸ਼ਵ ਕੱਪ ਅਤੇ ਡੇਵਿਸ ਕੱਪ ਦੀ ਤਰਜ਼ 'ਤੇ ਆਯੋਜਿਤ ਕਰਨਾ ਚਾਹੁੰਦੇ ਸਨ। ਜਾਰਜ ਐਲਨ ਥਾਮਸ ਦੀ ਮਿਹਨਤ ਰੰਗ ਲਿਆਈ ਅਤੇ 1948-49 ਵਿੱਚ ਪਹਿਲੀ ਵਾਰ ਇੰਗਲਿਸ਼ ਧਰਤੀ 'ਤੇ ਇਹ ਮੁਕਾਬਲਾ ਕਰਵਾਇਆ ਗਿਆ।


ਟੂਰਨਾਮੈਂਟ ਹਰ ਦੋ ਸਾਲ ਬਾਅਦ ਕਰਵਾਇਆ ਜਾਂਦਾ
ਥਾਮਸ ਕੱਪ ਪਹਿਲਾਂ ਤਿੰਨ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਸੀ ਪਰ 1982 'ਚ ਫਾਰਮੈਟ 'ਚ ਬਦਲਾਅ ਤੋਂ ਬਾਅਦ ਇਸ ਦਾ ਆਯੋਜਨ ਦੋ ਸਾਲ ਬਾਅਦ ਕੀਤਾ ਜਾਣ ਲਗਾ। ਥਾਮਸ ਕੱਪ ਨੂੰ ਪੁਰਸ਼ ਵਿਸ਼ਵ ਟੀਮ ਚੈਂਪੀਅਨਸ਼ਿਪ ਵਜੋਂ ਵੀ ਜਾਣਿਆ ਜਾਂਦਾ ਹੈ। ਬੈਡਮਿੰਟਨ ਦੀ ਗਵਰਨਿੰਗ ਬਾਡੀ, ਬੈਡਮਿੰਟਨ ਵਿਸ਼ਵ ਫੈਡਰੇਸ਼ਨ (BWF) ਦੇ ਮੈਂਬਰ ਦੇਸ਼ ਇਸ ਵਿੱਚ ਹਿੱਸਾ ਲੈਂਦੇ ਹਨ।


ਇੰਡੋਨੇਸ਼ੀਆ ਨੇ ਸਭ ਤੋਂ ਵੱਧ ਖਿਤਾਬ ਜਿੱਤੇ
ਹੁਣ ਤੱਕ 31 ਵਾਰ ਹੋਏ ਥਾਮਸ ਕੱਪ ਟੂਰਨਾਮੈਂਟ ਵਿੱਚ ਸਿਰਫ਼ ਪੰਜ ਦੇਸ਼ ਹੀ ਜੇਤੂ ਬਣ ਸਕੇ ਹਨ। ਇੰਡੋਨੇਸ਼ੀਆ ਸਭ ਤੋਂ ਸਫਲ ਟੀਮ ਹੈ, ਜਿਸ ਨੇ 14 ਵਾਰ ਜਿੱਤ ਦਰਜ ਕੀਤੀ ਹੈ। 1982 ਤੋਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਚੀਨ ਦੀ ਟੀਮ ਨੇ 10 ਅਤੇ ਮਲੇਸ਼ੀਆ ਨੇ 5 ਖਿਤਾਬ ਜਿੱਤੇ ਹਨ। ਜਾਪਾਨ ਅਤੇ ਡੈਨਮਾਰਕ ਦੋਵਾਂ ਦੇ ਨਾਂ ਇਕ-ਇਕ ਖਿਤਾਬ ਹੈ। ਰਵਾਇਤੀ ਤੌਰ 'ਤੇ ਥਾਮਸ ਕੱਪ ਹਮੇਸ਼ਾ ਏਸ਼ੀਆਈ ਦੇਸ਼ਾਂ ਨੇ ਜਿੱਤਿਆ ਸੀ। ਡੈਨਮਾਰਕ 2016 ਦੇ ਫਾਈਨਲ ਵਿੱਚ ਇੰਡੋਨੇਸ਼ੀਆ ਨੂੰ 3-2 ਨਾਲ ਹਰਾ ਕੇ ਖਿਤਾਬ ਜਿੱਤਣ ਵਾਲੀ ਪਹਿਲੀ ਗੈਰ-ਏਸ਼ਿਆਈ ਟੀਮ ਸੀ।