Punjab News: ਪਿਛਲੇ ਦੋ ਮਹੀਨਿਆਂ ਦੌਰਾਨ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 30,000 ਦਾ ਅੰਕੜਾ ਪਾਰ ਕਰ ਗਈਆਂ ਹਨ, ਜਦੋਂ ਕਿ ਬੁੱਧਵਾਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੀਆਂ 2,544 ਤਾਜ਼ਾ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਪੰਜਾਬ 'ਚ ਪਰਾਲੀ ਸਾੜਨ ਕਾਰਨ ਦਿੱਲੀ 'ਚ ਹਵਾ ਦੀ ਗੁਣਵੱਤਾ ਫਿਰ ਤੋਂ 'ਗੰਭੀਰ' ਹੋ ਗਈ ਹੈ। ਗੁਆਂਢੀ ਰਾਜ ਹਰਿਆਣਾ ਵਿੱਚ ਇਹ ਖ਼ਤਰਨਾਕ ਸ਼੍ਰੇਣੀ ਵਿੱਚ ਰਿਹਾ। 2021 ਅਤੇ 2022 ਦੀ ਇਸੇ ਮਿਆਦ (15 ਸਤੰਬਰ ਤੋਂ 15 ਨਵੰਬਰ) ਦੌਰਾਨ ਪੰਜਾਬ ਵਿੱਚ ਕ੍ਰਮਵਾਰ 67,020 ਅਤੇ 45,464 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਸੂਬੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ।
30 ਹਜ਼ਾਰ ਤੋਂ ਵੱਧ ਥਾਵਾਂ ਉੱਤੇ ਸਾੜੀ ਗਈ ਪਰਾਲੀ
ਪੰਜਾਬ ਵਿੱਚ ਬੁੱਧਵਾਰ ਨੂੰ ਪਰਾਲੀ ਸਾੜਨ ਦੀਆਂ 2,544 ਘਟਨਾਵਾਂ ਦਰਜ ਕੀਤੀਆਂ ਗਈਆਂ। ਜਿਸ ਕਾਰਨ 15 ਸਤੰਬਰ ਤੋਂ ਹੁਣ ਤੱਕ ਅਜਿਹੀਆਂ ਘਟਨਾਵਾਂ ਦੀ ਗਿਣਤੀ 30,661 ਹੋ ਗਈ ਹੈ। ਦਿੱਲੀ ਵਿੱਚ 24 ਘੰਟੇ ਦੀ ਔਸਤ ਹਵਾ ਗੁਣਵੱਤਾ ਸੂਚਕਾਂਕ (AQI) ਸ਼ਾਮ 4 ਵਜੇ 401 ਦਰਜ ਕੀਤਾ ਗਿਆ। ਜ਼ੀਰੋ ਅਤੇ 50 ਦੇ ਵਿਚਕਾਰ AQI 'ਚੰਗਾ', 51 ਤੋਂ 100 'ਤਸੱਲੀਬਖਸ਼', 101 ਤੋਂ 200 'ਦਰਮਿਆਨਾ', 201 ਤੋਂ 300 'ਮਾੜਾ', 301 ਤੋਂ 400 'ਬਹੁਤ ਮਾੜਾ', 401 ਤੋਂ 450 ਨੂੰ ਖ਼ਤਰਨਾਕ ਦੇ ਵਿਚਕਾਰ ਮੰਨਿਆ ਜਾਂਦਾ ਹੈ। 450 ਤੋਂ ਉੱਪਰ ਨੂੰ 'ਬਹੁਤ ਗੰਭੀਰ' ਮੰਨਿਆ ਜਾਂਦਾ ਹੈ।
ਗੁਆਂਢੀ ਸੂਬੇ ਹਰਿਆਣਾ ਦੀ ਹਵਾ ਵੀ ਹੋਈ ਖ਼ਰਾਬ
ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਹਰਿਆਣਾ ਦੇ ਨਾਰਨੌਲ ਵਿੱਚ 416 ਅਤੇ ਹਿਸਾਰ ਵਿੱਚ 375 ਦਰਜ ਕੀਤਾ ਗਿਆ ਸੀ। ਬਠਿੰਡਾ ਵਿੱਚ 361, ਮੰਡੀ ਗੋਬਿੰਦਗੜ੍ਹ ਵਿੱਚ 280, ਪਟਿਆਲਾ ਵਿੱਚ 238, ਜਲੰਧਰ ਵਿੱਚ 222, ਅੰਮ੍ਰਿਤਸਰ ਵਿੱਚ 163, ਲੁਧਿਆਣਾ ਵਿੱਚ 162, ਖੰਨਾ ਵਿੱਚ 161 ਅਤੇ ਰੂਪਨਗਰ ਵਿੱਚ 153 ਦਰਜ ਕੀਤਾ ਗਿਆ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ 161 ਦਰਜ ਕੀਤਾ ਗਿਆ ਸੀ।
ਪੰਜਾਬ 'ਚ ਰੈੱਡ ਅਲਰਟ ਜਾਰੀ
ਜ਼ਿਕਰ ਕਰ ਦਈਏ ਕਿ ਇਸ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਜੇ ਕੋਈ ਵੀ ਪਰਾਲੀ ਸਾੜਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਕਦਮ ਦਾ ਮਕਸਦ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ 'ਤੇ ਮੁਕੰਮਲ ਪਾਬੰਦੀ ਲਗਾਉਣ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ।