ਸ਼ੰਕਰ ਦਾਸ ਦੀ ਰਿਪੋਰਟ



Punjab News: ਚੱਕਰਵਾਤੀ ਤੂਫਾਨ ਬਿਪਰਜੋਏ ਅੱਜ ਗੁਜਰਾਤ ਦੇ ਤੱਟ ਨਾਲ ਟਕਰਾਏਗਾ ਪਰ ਇਸ ਦਾ ਅਸਰ ਪੰਜਾਬ ਵਿੱਚ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ। ਚੱਕਰਵਾਤੀ ਤੂਫ਼ਾਨ ਬਿਪਰਜਾਏ ਤੇ ਵੈਸਟਰਨ ਡਿਸਟਰਬੈਂਸ ਦਰਮਿਆਨ ਪੰਜਾਬ ਵਿੱਚ 18 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅਚਾਨਕ ਬੱਦਲਵਾਈ ਹੋਵੇਗੀ, ਮੀਂਹ ਪਵੇਗਾ ਤੇ ਅਗਲੇ ਹੀ ਪਲ ਧੁੱਪ ਹੋਵੇਗੀ ਜਿਸ ਕਾਰਨ ਹੁੰਮਸ ਵਧੇਗੀ।

ਮੌਸਮ ਵਿਭਾਗ ਅਨੁਸਾਰ ਮਾਲਵੇ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੀਤੇ ਦਿਨ ਮੀਂਹ ਪਿਆ ਸੀ। ਅੰਮ੍ਰਿਤਸਰ 'ਚ 26 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਲੁਧਿਆਣਾ 'ਚ ਦਰੱਖਤ ਡਿੱਗਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ।

ਅੰਮ੍ਰਿਤਸਰ ਵਿੱਚ ਪਿਛਲੇ 24 ਘੰਟਿਆਂ ਵਿੱਚ 129.5 ਐਮਐਮ ਬਾਰਸ਼ ਦਰਜ ਕੀਤੀ ਗਈ ਹੈ, ਜਿਸ ਨੇ 30 ਜੂਨ, 1970 ਨੂੰ ਪਏ 92.6 ਐਮਐਮ ਮੀਂਹ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਆਮ ਤੌਰ 'ਤੇ ਜੂਨ ਦੇ ਮਹੀਨੇ ਵਿੱਚ ਅੰਮ੍ਰਿਤਸਰ ਵਿੱਚ ਪ੍ਰਤੀ ਦਿਨ 38.9MM ਬਾਰਿਸ਼ ਹੁੰਦੀ ਹੈ ਤੇ ਪੂਰੇ ਮਹੀਨੇ ਲਈ ਆਮ ਤੌਰ 'ਤੇ 89.9MM ਬਾਰਸ਼ ਹੁੰਦੀ ਹੈ। ਇੰਨਾ ਹੀ ਨਹੀਂ ਅੰਮ੍ਰਿਤਸਰ 'ਚ ਵੀ ਗੜੇਮਾਰੀ ਹੋਈ।

ਬੀਤੀ ਸ਼ਾਮ ਤੋਂ ਖਰਾਬ ਮੌਸਮ ਦਾ ਅਸਰ ਹਵਾਈ ਆਵਾਜਾਈ 'ਤੇ ਵੀ ਦੇਖਣ ਨੂੰ ਮਿਲਿਆ। ਕੋਲਕਾਤਾ, ਕੁਆਲਾਲੰਪੁਰ ਤੇ ਦਿੱਲੀ ਤੋਂ ਅੰਮ੍ਰਿਤਸਰ ਆ ਰਹੀਆਂ ਕੁੱਲ 5 ਫਲਾਈਟਾਂ ਨੂੰ ਰਸਤੇ 'ਚ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏ.ਟੀ.ਸੀ. ਨੇ ਤੇਜ਼ ਹਵਾਵਾਂ ਅਤੇ ਮੀਂਹ ਦੌਰਾਨ ਅੰਮ੍ਰਿਤਸਰ ਵਿਖੇ ਉਡਾਣਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ।

ਦੱਸ ਦੇਈਏ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਕਾਰਨ ਬਿਜਲੀ ਵਿਭਾਗ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਤੇਜ਼ ਹਵਾਵਾਂ ਨੇ ਲੁਧਿਆਣਾ ਜ਼ਿਲ੍ਹੇ ਤੋਂ ਇਲਾਵਾ ਜੰਡਿਆਲਾ ਗੁਰੂ, ਅਜਨਾਲਾ ਰੋਡ ਅਤੇ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਭਾਰੀ ਨੁਕਸਾਨ ਕੀਤਾ ਹੈ। ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਪਿਛਲੇ ਦਿਨ ਤੋਂ ਕਈ ਇਲਾਕਿਆਂ ਵਿੱਚ ਲਾਈਟ ਨਹੀਂ ਹੈ।

ਮੀਂਹ ਕਾਰਨ ਪੰਜਾਬ ਦਾ ਔਸਤ ਤਾਪਮਾਨ 2.9 ਡਿਗਰੀ ਅਤੇ ਆਮ ਨਾਲੋਂ 3.6 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਬੀਤੇ ਦਿਨ ਦੇ ਮੁਕਾਬਲੇ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 6.5 ਡਿਗਰੀ, ਅੰਮ੍ਰਿਤਸਰ ਵਿੱਚ 5.3 ਡਿਗਰੀ, ਮੁਕਤਸਰ ਵਿੱਚ 3.4 ਡਿਗਰੀ, ਬਠਿੰਡਾ ਵਿੱਚ 3.8 ਡਿਗਰੀ ਅਤੇ ਫਰੀਦਕੋਟ ਵਿੱਚ 5.4 ਡਿਗਰੀ ਘੱਟ ਗਿਰਾਵਟ ਆਈ ਹੈ।