Punjab Weather Today: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਵਿਜ਼ੀਬਿਲਟੀ ਬਹੁਤ ਹੀ ਘੱਟ ਰਹੀ। ਲੁਧਿਆਣਾ 'ਚ ਕਈ ਥਾਵਾਂ 'ਤੇ ਵਿਜ਼ੀਬਿਲਟੀ 50 ਮੀਟਰ ਦੇ ਵਿਚਕਾਰ ਸੀ ਜਦਕਿ ਪਟਿਆਲਾ 'ਚ ਇਹ 200 ਮੀਟਰ ਦੇ ਕਰੀਬ ਦਰਜ ਕੀਤੀ ਗਈ। ਬਾਕੀ ਜ਼ਿਲ੍ਹਿਆਂ ਵਿੱਚ ਵੀ ਇਹੀ ਸਥਿਤੀ ਰਹੀ। ਉਧਰ, ਪੁਲਿਸ ਨੇ ਵਾਹਨ ਚਾਲਕਾਂ ਲਈ ਅਲਰਟ ਜਾਰੀ ਕੀਤਾ ਹੈ।


ਮੌਸਮ ਵਿਗਿਆਨੀਆਂ ਤੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧੁੰਦ ਕਾਰਨ ਸਥਿਤੀ ਕਾਫੀ ਖਰਾਬ ਹੈ। ਵਿਜ਼ੀਬਿਲਟੀ ਕਾਫੀ ਘੱਟ ਹੈ। ਅਜਿਹੇ 'ਚ ਡਰਾਈਵਰਾਂ ਨੂੰ ਬੇਹੱਦ ਸਾਵਧਾਨ ਰਹਿਣਾ ਹੋਵੇਗਾ। ਲੰਬੇ ਸਫ਼ਰ 'ਤੇ ਨਿਕਲਣ ਤੋਂ ਪਹਿਲਾਂ, ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਕਿ ਇੰਡੀਕੇਟਰ, ਫੋਗ ਲੈਂਪ ਆਦਿ ਕੰਮ ਕਰ ਰਹੇ ਹਨ ਜਾਂ ਨਹੀਂ। 



ਦੱਸ ਦਈਏ ਕਿ ਪੰਜਾਬ ਵਿੱਚ ਸਵੇਰ ਵੇਲੇ ਪਿਛਲੇ ਦੋ ਦਿਨਾਂ ਤੋਂ ਸੰਘਣੀ ਧੁੰਦ ਛਾ ਰਹੀ ਹੈ। ਧੁੰਦ ਵਧਣ ਨਾਲ ਠੰਢ ਵੀ ਵਧ ਗਈ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ ਅੱਠ ਤੋਂ ਨੌਂ ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਫਰੀਦਕੋਟ, ਗੁਰਦਾਸਪੁਰ, ਬਰਨਾਲਾ ਦਾ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ, ਮੋਗਾ 8.6 ਡਿਗਰੀ ਸੈਲਸੀਅਸ, ਲੁਧਿਆਣਾ 8.9 ਡਿਗਰੀ ਸੈਲਸੀਅਸ, ਬਠਿੰਡਾ 9.2 ਡਿਗਰੀ ਸੈਲਸੀਅਸ, ਪਟਿਆਲਾ 9.4 ਡਿਗਰੀ ਸੈਲਸੀਅਸ, ਫਤਿਹਗੜ੍ਹ ਸਾਹਿਬ ਤੇ ਫਿਰੋਜ਼ਪੁਰ 9.6 ਡਿਗਰੀ ਸੈਲਸੀਅਸ, ਪਠਾਨਕੋਟ 10.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ।


ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 4.3 ਡਿਗਰੀ ਸੈਲਸੀਅਸ ਘੱਟ ਰਿਹਾ, ਜਦੋਂਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 0.3 ਤੋਂ 0.6 ਡਿਗਰੀ ਸੈਲਸੀਅਸ ਘੱਟ ਰਿਹਾ। ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਪਠਾਨਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 19.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਘੱਟ ਸੀ। ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਨੌਂ ਡਿਗਰੀ ਸੈਲਸੀਅਸ ਦਾ ਫਰਕ ਰਿਹਾ।


ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਬੁੱਧਵਾਰ ਨੂੰ ਵੀ ਸਵੇਰੇ ਧੁੰਦ ਪੈ ਸਕਦੀ ਹੈ। ਜਦੋਂਕਿ ਦਿਨ ਵੇਲੇ ਪੰਜਾਬ ਵਿੱਚ 10 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ ਪਰ 11 ਦਸੰਬਰ ਨੂੰ ਰਾਜਸਥਾਨ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਮੌਸਮ 'ਚ ਬਦਲਾਅ ਹੋਵੇਗਾ। ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।