ਗਗਨਦੀਪ ਸ਼ਰਮਾ
ਜਲੰਧਰ: ਅੱਜ ਖੇਡਾਂ ਦੇ ਮਹਾਂਕੁੰਭ ਦਾ ਆਗਾਜ਼ ਹੋਣ ਜਾ ਰਿਹਾ ਹੈ, ਜਿਸ ਨੂੰ 'ਖੇਡਾਂ ਵਤਨ ਪੰਜਾਬ ਦੀਆਂ' ਦੇ ਨਾਮ ਹੇਠ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੁੱਜ ਕੇ ਪੰਜਾਬ ਵਾਸੀਆਂ ਤੇ ਖੇਡ ਪ੍ਰੇਮੀਆਂ ਨੂੰ ਸਮਰਪਿਤ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ, ਖੇਡ ਮੰਤਰੀ ਮੀਤ ਹੇਅਰ ਸਮੇਤ ਸੂਬੇ ਦੇ ਕਈ ਵਜੀਰ ਤੇ ਵਿਧਾਇਕ ਇਸ ਮਹਾਕੁੰਭ 'ਚ ਸ਼ਮੂਲੀਅਤ ਕਰਨਗੇ।
ਇਸ ਖੇਡ ਮੇਲੇ 'ਚ ਸੂਬੇ ਦੇ ਸਾਰੇ ਜਿਲਿਆਂ ਦੇ ਖਿਡਾਰੀ ਸ਼ਿਰਕਤ ਕਰਨਗੇ, ਖੇਡਾਂ ਦੀਆਂ ਸ਼੍ਰੇਣੀਆਂ ਨੂੰ ਉਮਰ ਦੀ ਕੈਟਾਗਰੀ 'ਚ ਵੰਡਿਆ ਗਿਆ ਹੈ।ਇਨਾਂ ਖਿਡਾਰੀਆਂ ਨੂੰ ਮਿਲੇਗਾ ਮਸ਼ਾਲ ਮਾਰਚ 'ਚ ਸ਼ਾਮਲ ਹੋਣ ਦਾ ਸੁਭਾਗ।
ਇਸ ਮੈਗਾ ਖੇਡ ਸਮਾਰੋਹ ਦੌਰਾਨ ਨਾਮੀ ਖਿਡਾਰੀਆਂ ਵੱਲੋਂ ਮਸ਼ਾਲ ਮਾਰਚ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਬਲਜੀਤ ਸਿੰਘ ਢਿੱਲੋਂ, ਸਿਮਰਨਜੀਤ ਕੌਰ ਚਕਰ, ਰਾਜਿੰਦਰ ਸਿੰਘ ਰਹੇਲੂ, ਮਨਜੀਤ ਕੌਰ, ਵਿਕਾਸ ਠਾਕੁਰ, ਗੁਰਜੀਤ ਕੌਰ, ਦਮਨੀਤ ਸਿੰਘ ਮਾਨ, ਸਵਰਨ ਸਿੰਘ ਵਿਰਕ, ਸੁਖਪਾਲ ਸਿੰਘ ਪਾਲੀ, ਹਰਪ੍ਰੀਤ ਸਿੰਘ ਹੈਪੀ, ਸੁਮਨ ਸ਼ਰਮਾ, ਪ੍ਰਨਵ ਚੋਪੜਾ, ਗੁਰਪ੍ਰੀਤ ਸਿੰਘ ਸ਼ਾਮਲ ਹਨ।
ਅੱਜ 29 ਅਗਸਤ ਤੋਂ ਸ਼ੁਰੂ ਹੋ ਕੇ 21 ਅਕਤੂਬਰ ਤਕ ਇਹ ਖੇਡ ਮਹਾਂਕੁੰਭ ਜਾਰੀ ਰਹੇਗਾ
ਦੋ ਮਹੀਨੇ ਚੱਲਣ ਵਾਲੇ ਇਨ੍ਹਾਂ ਖੇਡ ਮੁਕਾਬਲਿਆਂ 'ਚ ਅੰਡਰ-14, ਅੰਡਰ-17, ਅੰਡਰ-21 ਤੋਂ ਇਲਾਵਾ ਵੱਖ-ਵੱਖ ਉਮਰ ਵਰਗ 21-40, 41-50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀ ਹਿੱਸਾ ਲੈ ਸਕਦੇ ਹਨ।
ਪਹਿਲੇ ਸ਼ਡਿਊਲ 'ਚ ਹੋਣਗੇ ਬਲਾਕ ਪੱਧਰੀ ਮੁਕਾਬਲੇ
ਸ਼ਡਿਊਲ ਅਨੁਸਾਰ ਬਲਾਕ ਪੱਧਰੀ ਟੂਰਨਾਮੈਂਟ 1 ਤੋਂ 7 ਸਤੰਬਰ ਤੱਕ ਕਰਵਾਏ ਜਾ ਰਹੇ ਹਨ, ਜਿਸ ਵਿੱਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ।
ਦੂਜੇ ਸ਼ਡਿਊਲ 'ਚ ਜ਼ਿਲ੍ਹਾ ਪੱਧਰੀ ਖਿਡਾਰੀ ਦਿਖਾਉਣਗੇ ਜੌਹਰ
ਜਦਕਿ 12 ਤੋਂ 22 ਸਤੰਬਰ ਤੱਕ ਹੋਣ ਵਾਲੇ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ ਵਿੱਚ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਹੋਣਗੇ।
ਆਖਰੀ ਦੌਰ 'ਚ ਭਿੜਨਗੇ ਸੂਬੇ ਪੱਧਰੀ ਮਹਾਰਥੀ
10 ਤੋਂ 21 ਅਕਤੂਬਰ ਤੱਕ ਹੋਣ ਵਾਲੇ ਰਾਜ ਪੱਧਰੀ ਟੂਰਨਾਮੈਂਟਾਂ ਵਿੱਚ ਸਾਰੀਆਂ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਇਲਾਵਾ ਕਿੱਕ ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸ਼ਤਰੰਜ, ਰੋਇੰਗ, ਜਿਮਨਾਸਟਿਕ, ਤਲਵਾਰਬਾਜ਼ੀ ਅਤੇ ਪਾਵਰ ਲਿਫਟਿੰਗ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਬਲਾਕ ਪੱਧਰੀ ਮੁਕਾਬਲੇ ਹਰ ਜ਼ਿਲ੍ਹੇ ਦੇ ਬਲਾਕ ਪੱਧਰ ਦੇ ਸਟੇਡੀਅਮਾਂ 'ਚ ਹੋਣਗੇ ਜਦਕਿ ਜ਼ਿਲ੍ਹਾ ਪੱਧਰ ਤੇ ਸੂਬਾ ਪੱਧਰ ਦੇ ਮੁਕਾਬਲੇ ਜ਼ਿਲ੍ਹਾ ਪੱਧਰ ਦੇ ਚੋਟੀ ਦੇ ਖੇਡ ਸਟੇਡੀਅਮਾਂ 'ਚ ਹੋਣਗੇ।
ਮਕਸਦ
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਖੇਡ ਮੇਲੇ ਦੀ ਤਰੀਕ ਦਾ ਅੇੈਲਾਨ ਕਰਨ ਮੌਕੇ ਇਸ ਦਾ ਮਕਸਦ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਉਮਰ ਦੇ ਵਿਅਕਤੀਆਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਆਗਾਜ਼ ਕੀਤਾ ਜਾਵੇਗਾ
ਅੱਜ ਰਜਿਸਟ੍ਰੇਸ਼ਨ ਦਾ ਆਖਰੀ ਦਿਨ
ਖੇਡ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਅਗਸਤ ਹੈ ਅਤੇ ਚਾਹਵਾਨ ਇਸ ਮੰਤਵ ਲਈ ਸਥਾਪਤ ਵਿਸ਼ੇਸ਼ ਪੋਰਟਲ www.punjabkhedmela2022.in ‘ਤੇ ਰਜਿਸਟਰ ਕਰ ਸਕਦੇ ਹਨ ਜਾਂ ਆਫਲਾਈਨ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਖੇਡ ਦਫ਼ਤਰ ਵਿੱਚ ਪਹੁੰਚ ਕਰ ਸਕਦੇ ਹਨ। ਖੇਡ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਐਤਵਾਰ ਸ਼ਾਮ ਤਕ ਡੇਢ ਲੱਖ ਤੱਕ ਖਿਡਾਰੀਆਂ ਨੇ ਆਨਲਾਈਨ/ਆਫਲਾਈਨ ਰਜਿਸਟ੍ਰੇਸ਼ਨ ਕਰਵਾ ਲਈ ਸੀ ਤੇ ਇਹ ਅੰਕੜਾ ਹੋਰ ਵੱਧ ਸਕਦਾ ਹੈ, ਕਿਉਂਕਿ ਰਜਿਸਟ੍ਰੇਸ਼ਨ 30 ਅਗਸਤ ਤਕ ਜਾਰੀ ਰਹਿਣਗੀਆਂ।