ਰੌਬਟ ਦੀ ਰਿਪੋਰਟ


 



ਚੰਡੀਗੜ੍ਹ: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਲਗਾਤਾਰ ਗ੍ਰਿਫਤਾਰੀਆਂ ਕਰ ਰਹੀ ਹੈ। ਸੂਤਰਾਂ ਅਨੁਸਾਰ ਫੋਰੈਂਸਿਕ ਵਿਭਾਗ ਨੇ ਇਸ ਮਾਮਲੇ ਵਿੱਚ ਕੁਝ ਫੋਟੋਆਂ ਦਿੱਲੀ ਪੁਲਿਸ ਨੂੰ ਸੌਂਪੀਆਂ ਹਨ ਜਿਸ ਵਿੱਚ ਇੱਕ ਫੋਟੋ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਵੀ ਹੈ।

ਦਰਅਸਲ ਗੁਜਰਾਤ ਤੋਂ ਵਿਸ਼ੇਸ਼ ਫੋਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਦੀ ਟੀਮ ਨੇ ਵਿਸ਼ੇਸ਼ ਤਕਨੀਕ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਫੋਟੋਆਂ/ਵੀਡੀਓ ਇਕੱਤਰ ਕੀਤੀਆਂ ਸੀ। ਇਸ ਤੋਂ ਬਾਅਦ ਉਨ੍ਹਾਂ ਫੋਟੋਆਂ ਦੀ ਪਛਾਣ ਕਰ ਲਈ ਗਈ ਹੈ ਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ ਜਿਸ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਵਿਚਾਲੇ ਇੰਦਰਜੀਤ ਨਿੱਕੂ ਨੇ ਆਪਣੀ ਫੋਟੋ ਬਾਰੇ ਸਪਸ਼ੱਟੀਕਰਨ ਦਿੱਤਾ ਹੈ। ਨਿੱਕੂ ਨੇ ਫੇਸਬੁੱਕ ਤੇ ਲਾਇਵ ਹੋ ਕਿ ਇਹ ਸਾਫ ਕੀਤਾ ਹੈ ਕਿ ਉਹ ਲਾਲ ਕਿਲ੍ਹੇ ਤੇ ਹਿੰਸਾ ਮੌਕੇ ਉੱਥੇ ਮੌਜੂਦ ਨਹੀਂ ਸੀ। ਉਹ ਤੇ ਉਨ੍ਹਾਂ ਦਾ ਕੋਈ ਵੀ ਸਾਥੀ ਲਾਲ ਕਿਲ੍ਹੇ ਨਹੀਂ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹੈ ਤੇ ਅੱਗੇ ਵੀ ਉਨ੍ਹਾਂ ਦੇ ਨਾਲ ਹੀ ਰਹਿਣਗੇ।


 




ਗਣਤੰਤਰ ਦਿਵਸ ਮੌਕੇ ਕਿਸਾਨ ਅੰਦੋਲਨਕਾਰੀਆਂ ਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਟਰੈਕਟਰ ਪਰੇਡ ਕੱਢੀ ਸੀ। ਇਸ ਸਮੇਂ ਦੌਰਾਨ ਆਈਟੀਓ, ਆਊਟਰ ਰਿੰਗ ਰੋਡ, ਕਰਨਾਲ ਬਾਈਪਾਸ ਸਮੇਤ ਕਈ ਥਾਵਾਂ 'ਤੇ ਕਿਸਾਨਾਂ ਤੇ ਦਿੱਲੀ ਪੁਲਿਸ ਵਿਚਕਾਰ ਝੜਪਾਂ ਹੋਈਆਂ ਸੀ। 26 ਜਨਵਰੀ ਨੂੰ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਵੀ ਚੜ੍ਹਾਇਆ ਸੀ। ਇਸ ਮਗਰੋਂ ਪੁਲਿਸ ਕਾਰਵਾਈ ਕਰ ਰਰੀ ਹੈ।