ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਹੈਰੀ ਮਿਡਲਟਨ ਵਿਰੁੱਧ ਧੋਖਾਧੜੀ ਦਾ ਦੋਸ਼ ਲਾਉਂਦਿਆਂ ਪਟੀਸ਼ਨ ਦਾਇਰ ਕੀਤੀ ਗਈ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਪ੍ਰਿੰਸ ਹੈਰੀ ਨੇ ਉਸ ਨਾਲ ਵਿਆਹ ਕਰਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ। ਪਟੀਸ਼ਨ ’ਚ ਪ੍ਰਿੰਸ ਹੈਰੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ, ਤਾਂ ਕਿ ਵਿਆਹ ’ਚ ਕੋਈ ਦੇਰੀ ਨਾ ਹੋਵੇ। ਹਾਈ ਕੋਰਟ ਨੇ ਇਸ ਮਾਮਲੇ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਇਹ ਸੋਸ਼ਲ ਮੀਡੀਆ ਸਕੈਮ ਦਾ ਮਾਮਲਾ ਹੈ।



ਅਦਾਲਤ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਕਿਹਾ, “ਇਹ ਕੁਝ ਹੋਰ ਨਹੀਂ, ਸਗੋਂ ਪ੍ਰਿੰਸ ਹੈਰੀ ਨਾਲ ਵਿਆਹ ਦਾ ਸੁਪਨੇ ਲੈਣ ਵਾਲੀ ਕਲਪਨਾ ਹੈ।” ਅਦਾਲਤ ਨੇ ਇਹ ਵੀ ਕਿਹਾ ਕਿ ਪਟੀਸ਼ਨ ਬਹੁਤ ਖ਼ਰਾਬ ਤਰੀਕੇ ਨਾਲ ਤਿਆਰ ਕੀਤੀ ਗਈ ਸੀ, ਜਿਸ ’ਚ ਵਿਆਕਰਣ ਦੀਆਂ ਗਲਤੀਆਂ ਸਨ ਤੇ ਅਦਾਲਤੀ ਕਾਰਵਾਈ ਬਾਰੇ ਵੀ ਪਤਾ ਨਹੀਂ। ਪਟੀਸ਼ਨ ’ਚ ਈਮੇਲਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ, ਜੋ ਪ੍ਰਿੰਸ ਹੈਰੀ ਦੇ ਨਾਮ ਤੋਂ ਕਿਸੇ ਸ਼ਖ਼ਸ ਨੇ ਭੇਜੀਆਂ ਤੇ ਉਸ ’ਚ ਪਟੀਸ਼ਨਕਰਤਾ ਨਾਲ ਵਿਆਹ ਦਾ ਵਾਅਦਾ ਕੀਤਾ ਗਿਆ ਸੀ।

ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਮਜੇਦਾਰ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਤੁਹਾਡੇ ਪ੍ਰਿੰਸ ਹੈਰੀ ਆਪਣੇ ਸੁਨਹਿਰੇ ਭਵਿੱਖ ਲਈ ਪੰਜਾਬ ਦੇ ਕਿਸੇ ਪਿੰਡ ਦੇ ਸਾਈਬਰ ਕੈਫੇ ’ਚ ਬੈਠਾ ਹੋ ਸਕਦਾ ਹੈ। ਅਦਾਲਤ ਨੇ ਕੇਸ ਦੀ ਸੁਣਵਾਈ ਦੌਰਾਨ ਕਿਹਾ ਕਿ ਇਹ ਅਰਜ਼ੀ ‘ਦਿਨ ’ਚ ਵੇਖੇ ਗਏ ਸੁਪਨੇ’ ਤੋਂ ਘੱਟ ਨਹੀਂ।

ਪਟੀਸ਼ਨ ਦਾਖ਼ਲ ਕਰਨ ਵਾਲੀ ਮਹਿਲਾ ਪਲਵਿੰਦਰ ਸਿੰਘ ਪੇਸ਼ੇ ਤੋਂ ਵਕੀਲ ਹੈ। ਪਟੀਸ਼ਨਕਰਤਾ ਦੀ ਅਪੀਲ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਇਸ ਨੂੰ ‘ਬੇਬੁਨਿਆਦ’ ਕਰਾਰ ਦਿੱਤਾ ਤੇ ਪਟੀਸ਼ਨ ਖਾਰਜ ਕਰ ਦਿੱਤੀ।

ਅਦਾਲਤ ’ਚ ਜਸਟਿਸ ਅਰਵਿੰਦ ਸਿੰਘ ਨੇ ਕਿਹਾ ਕਿ ਤੁਸੀਂ ਸੋਸ਼ਲ ਮੀਡੀਆ ’ਤੇ ਕੀਤੀ ਗਈ ਝੂਠੀ ਗੱਲਬਾਤ ਨੂੰ ਸਹੀ ਮੰਨ ਰਹੇ ਹੋ। ਪਟੀਸ਼ਨਕਰਤਾ ਨੇ ਆਪਣੀ ਅਰਜ਼ੀ ’ਚ ਕੁਝ ਈਮੇਲਾਂ ਦਾ ਵੀ ਜ਼ਿਕਰ ਕੀਤਾ, ਜੋ ਕਥਿਤ ਤੌਰ ’ਤੇ ਉਸ ਨੂੰ ਪ੍ਰਿੰਸ ਹੈਰੀ ਦੇ ਨਾਮ ’ਤੇ ਭੇਜੀਆਂ ਗਈਆਂ ਸਨ। ਅਦਾਲਤ ਨੇ ਕਿਹਾ ਕਿ ਉਹ ਸਿਰਫ਼ ਇਸ ਮਾਮਲੇ ’ਤੇ ਆਪਣੀ ਹਮਦਰਦੀ ਜ਼ਾਹਰ ਕਰ ਸਕਦੇ ਹਨ। ਅਰਜੀ ਦਾ ਡਰਾਫਟ ਵੀ ਸਹੀ ਤਰ੍ਹਾਂ ਤਿਆਰ ਨਹੀਂ ਕੀਤਾ ਗਿਆ। ਫ਼ਰਜੀ ਆਈਡੀ ਰਾਹੀਂ ਕਈ ਅਕਾਊਂਟ ਬਣਾ ਕੇ ਇਸ ਤਰ੍ਹਾਂ ਦੇ ਮੈਸੇਜ ਕੀਤੇ ਜਾਂਦੇ ਰਹੇ ਹਨ।

ਜਦੋਂ ਅਦਾਲਤ ਨੇ ਪਟੀਸ਼ਨਕਰਤਾ ਨੂੰ ਪੁੱਛਿਆ ਕਿ ਕੀ ਉਹ ਕਦੇ ਯੂਨਾਈਟਿਡ ਕਿੰਗਡਮ ਗਈ ਹੈ ਤਾਂ ਜਵਾਬ ਨਾ ’ਚ ਮਿਲਿਆ। ਪਟੀਸ਼ਨਕਰਤਾ ਨੇ ਦੱਸਿਆ ਕਿ ਉਸ ਨੇ ਸਿਰਫ਼ ਸੋਸ਼ਲ ਮੀਡੀਆ ਰਾਹੀਂ ਗੱਲ ਕੀਤੀ ਸੀ, ਜਿੱਥੇ ਉਸ ਨੇ ਪ੍ਰਿੰਸ ਚਾਰਲਸ ਨੂੰ ਵੀ ਮੈਸੇਜ਼ ਕਰਨ ਦਾ ਦਾਅਵਾ ਕੀਤਾ ਤੇ ਕਿਹਾ ਕਿ ਉਸ ਦਾ ਪੁੱਤਰ ਪ੍ਰਿੰਸ ਹੈਰੀ ਪਟੀਸ਼ਨਕਰਤਾ ਨਾਲ ਇੰਗੇਜ਼ਡ ਹੈ।