ਲੁਧਿਆਣਾ: ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਬੇਅਦਬੀ ਤੇ ਗੋਲੀ ਕਾਂਡ 'ਤੇ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਕਾਂਗਰਸ ਬੁਲਾਰੇ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹੁਣ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਬੇਅਦਬੀ ਕਾਂਡ ’ਚ ਐਸਆਈਟੀ ਟੀਮ ਦੀ ਰਿਪੋਰਟ ਰੱਦ ਹੋਣ ਸਬੰਧੀ ਸਿੱਧੇ ਤੌਰ ’ਤੇ ਕੁੰਵਰ ਵਿਜੈ ਪ੍ਰਤਾਪ ਨੂੰ ਜ਼ਿੰਮੇਵਾਰ ਦਿੱਸਿਆ।

ਤਿਵਾੜੀ ਨੇ ਦਾਅਵਾ ਕੀਤਾ ਹੈ ਕਿ ਹਾਈ ਕੋਰਟ ਵੱਲੋਂ ਰਿਪੋਰਟ ਖਾਰਜ ਕੀਤੇ ਜਾਣ ਪਿੱਛੇ ਕੁੰਵਰ ਵਿਜੈ ਪ੍ਰਤਾਪ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸਹੀ ਤਰੀਕੇ ਨਾਲ ਕੰਮ ਕਰਦੇ ਤਾਂ ਸਰਕਾਰ ਨੂੰ ਇਸ ਤਰ੍ਹਾਂ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਜੇਕਰ ਕੁੰਵਰ ਵਿਜੈ ਪ੍ਰਤਾਪ ਆਪਣੀ ਰਿਪੋਰਟ ਨਾਲ ਸਹਿਮਤ ਸਨ ਤਾਂ ਉਸ ਨੂੰ ਸੁਪਰੀਮ ਕੋਰਟ ’ਚ ਕਿਉਂ ਨਹੀਂ ਲੈ ਗਏ ਤੇ ਅਸਤੀਫ਼ਾ ਦੇ ਕੇ ਰਾਜਸੀ ਪਾਰਟੀ ’ਚ ਕਿਉਂ ਸ਼ਾਮਲ ਹੋਏ।

ਦੱਸ ਦਈਏ ਕਿ ਕੁੰਵਰ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਸੱਤਾ ਧਿਰ ਕਾਂਗਰਸ ਤੇ ਵਿਰੋਧੀ ਧਿਰ ਅਕਾਲੀ ਦਲ ਉਨ੍ਹਾਂ ਉੱਪਰ ਸਵਾਲ ਖੜ੍ਹੇ ਕਰ ਰਹੀ ਹੈ। ਕੁੰਵਰ ਨੇ ਕਾਂਗਰਸ ਸਰਕਾਰ ਉੱਪਰ ਸਵਾਲ ਖੜ੍ਹੇ ਕਰਦਿਆਂ ਕਿਹਾ ਸੀ ਕਿ ਸਰਕਾਰੀ ਵਕੀਲਾਂ ਨੇ ਕੇਸ ਦੀ ਸਹੀ ਪੈਰਵਾਈ ਹੀ ਨਹੀਂ ਕੀਤੀ ਜਿਸ ਕਰਕੇ ਰਿਪੋਰਟ ਰੱਦ ਹੋਈ ਸੀ। ਇਸ ਮਾਮਲੇ 'ਤੇ ਹੁਣ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਵੀ ਕਸੂਤੀ ਘਿਰੀ ਹੋਈ ਹੈ।