ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
ਕਾਂਗਰਸ ਵਿੱਚ ਚੱਲ ਰਹੇ ਕਾਟੋਕਲੇਸ਼ ਵਿਚਕਾਰ ਰਾਹੁਲ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦਿਆਂ ਹੋਇਆਂ ਉਨ੍ਹਾਂ ਨੂੰ ਆਪਣਾ ਫੇਵਰੇਟ ਲੀਡਰ ਕਿਹਾ।

Punjab News: 2027 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਹਲਚਲ ਮੱਚ ਗਈ ਹੈ। ਦੱਸ ਦਈਏ ਕਿ ਕਾਂਗਰਸ ਵਿੱਚ ਚੱਲ ਰਹੇ ਕਾਟੋਕਲੇਸ਼ ਵਿਚਕਾਰ ਰਾਹੁਲ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦਿਆਂ ਹੋਇਆਂ ਉਨ੍ਹਾਂ ਨੂੰ ਆਪਣਾ ਫੇਵਰੇਟ ਲੀਡਰ ਕਿਹਾ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਿੱਲੀ ਵਿੱਚ Gen-Z ਨਾਲ ਗੱਲਬਾਤ ਕੀਤੀ।
ਗੱਲਬਾਤ ਦੌਰਾਨ, ਇੱਕ ਨੌਜਵਾਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਭਾਜਪਾ ਵਿੱਚ ਉਨ੍ਹਾਂ ਦਾ ਪਸੰਦੀਦਾ ਨੇਤਾ ਕੌਣ ਹੈ। ਰਾਹੁਲ ਗਾਂਧੀ ਨੇ ਜਵਾਬ ਦਿੱਤਾ, "ਕੈਪਟਨ ਅਮਰਿੰਦਰ ਸਿੰਘ, ਡੈਫੀਨੇਟਲੀ। ਮੈਂ ਉਨ੍ਹਾਂ ਦੇ ਨਾਲ ਆਸਾਨੀ ਨਾਲ ਘੁੱਲ-ਮਿਲ ਜਾਂਦਾ ਹਾਂ। ਉਹ ਕੂਲ ਹਨ ਅਤੇ ਮਿਲੀਟਰੀ ਹਿਸਟਰੀ ਦੇ ਐਕਸਪਰਟ ਹਨ, ਮੈਂ ਉਨ੍ਹਾਂ ਨੂੰ ਪਸੰਦ ਕਰਦਾਂ ਹਾਂ। ਹੈਲੋ, ਅੰਕਲ ਅਮਰਿੰਦਰ..."
ਰਾਹੁਲ ਗਾਂਧੀ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ, ਜਿਸ ਨਾਲ ਕੈਪਟਨ ਅਮਰਿੰਦਰ ਦੀ ਕਾਂਗਰਸ ਪਾਰਟੀ ਵਿੱਚ ਵਾਪਸੀ ਬਾਰੇ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਪਹਿਲਾਂ, ਕੈਪਟਨ ਨੇ ਖੁਦ ਕਿਹਾ ਸੀ ਕਿ ਉਹ ਕਾਂਗਰਸ ਪਾਰਟੀ ਨੂੰ ਮਿਸ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਪਰਿਵਾਰ ਦੀ ਤਰ੍ਹਾਂ ਹੈ। "ਜਦੋਂ ਵੀ ਮੈਂ ਫ਼ੋਨ ਕਰਦਾ ਸੀ, ਉਹ ਮੈਨੂੰ ਮਿਲ ਲੈਂਦੇ ਸਨ।" ਪਰ ਭਾਜਪਾ ਵਿੱਚ ਇਹ ਸਿਸਟਮ ਨਹੀਂ ਹੈ।"
ਕੈਪਟਨ ਨੇ ਤਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਚਚੇਰੇ ਭਰਾ ਦੀ ਮੌਤ 'ਤੇ ਸ਼ੋਕ ਸੰਦੇਸ਼ ਭੇਜਿਆ ਸੀ, ਪਰ ਭਾਜਪਾ ਵਿੱਚ ਕਿਸੇ ਨੇ ਵੀ ਨਹੀਂ ਪੁੱਛਿਆ। ਜਿਵੇਂ ਹੀ ਰਾਹੁਲ ਗਾਂਧੀ ਵੱਲੋਂ ਕੈਪਟਨ ਦੀ ਪ੍ਰਸ਼ੰਸਾ ਕਰਨ ਦਾ ਵੀਡੀਓ ਸਾਹਮਣੇ ਆਇਆ, ਪੰਜਾਬ ਕਾਂਗਰਸ ਵਿੱਚ ਖਲਬਲੀ ਮੱਚ ਗਈ।
ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਰਾਹੁਲ ਗਾਂਧੀ ਪੰਜਾਬ ਵਿੱਚ ਧੜੇਬੰਦੀ ਖਤਮ ਕਰਨ ਲਈ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰਵਾ ਸਕਦੇ ਹਨ। ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਇੱਥੇ ਦੋ ਵਾਰ ਸਰਕਾਰ ਬਣਾ ਚੁੱਕੀ ਹੈ। ਕੱਲ੍ਹ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਕਿਹਾ ਸੀ ਕਿ ਇੱਕ ਹਫ਼ਤੇ ਦੇ ਅੰਦਰ ਸਭ ਕੁਝ ਠੀਕ ਹੋ ਜਾਵੇਗਾ, ਨਹੀਂ ਤਾਂ ਰਾਹੁਲ ਗਾਂਧੀ ਕੋਈ ਵੱਡਾ ਫੈਸਲਾ ਲੈਣਗੇ।
ਇਸ ਦੌਰਾਨ, ਚੰਨੀ ਧੜੇ ਦੇ ਵਿਧਾਇਕ ਰਾਣਾ ਗੁਰਜੀਤ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਗਾਂਧੀ ਪਰਿਵਾਰ ਨਾਲ ਜੁੜੇ ਹੋਏ ਹਨ। ਪ੍ਰਗਟ ਸਿੰਘ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਕੋਲ ਤਜਰਬਾ ਹੈ।
ਟ੍ਰੈਂਡਿੰਗ ਟੌਪਿਕ





















