ਮੋਗਾ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਆ ਕੇ ਆਪਣੀ ਹੀ ਸਰਕਾਰ ਖ਼ਿਲਾਫ਼ ਬਿਆਨ ਦੇ ਦਿੱਤਾ। ਰਾਹੁਲ ਗਾਂਧੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਨਸ਼ਿਆਂ ਦੇ ਮਾਮਲੇ 'ਤੇ ਵੱਡੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ, ਜਿਸ ਦਾ ਸਿੱਧਾ ਸੰਕੇਤ ਇਹ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਨਸ਼ੇ ਦੇ ਮਗਰਮੱਛਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।

ਜੋ ਗੱਲ ਪੰਜਾਬ ਦੀ ਜਨਤਾ ਕਰਦੀ ਹੈ ਉਹੋ ਮਸਲਾ ਰਾਹੁਲ ਗਾਂਧੀ ਨੇ ਅੱਜ ਸਟੇਜ ਤੋਂ ਸੰਬੋਧਨ ਕਰਦਿਆਂ ਛੇੜ ਲਿਆ। ਉਨ੍ਹਾਂ ਨਸ਼ਿਆਂ ਦੀ ਗੱਲ ਛੇੜ ਲਈ ਪਰ ਉਹ ਨਾ ਚਾਹੁੰਦੇ ਉਹ ਕੈਪਟਨ ਸਰਕਾਰ 'ਤੇ ਵਾਰ ਕਰ ਗਏ। ਰਾਹੁਲ ਗਾਂਧੀ, ਮੋਦੀ ਸਰਕਾਰ 'ਤੇ ਤੰਜ਼ ਕੱਸਦੇ ਕੱਸਦੇ ਆਪਣੀ ਹੀ ਸਰਕਾਰ ਦੀ ਕਿਰਕਿਰੀ ਕਰ ਗਏ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਪੰਜਾਬ ਦੀਆਂ ਵੱਡੀਆਂ ਮੱਛੀਆਂ ਤੇ ਮਗਰਮੱਛਾਂ ਉੱਪਰ ਕਾਰਵਾਈ ਕਿਓਂ ਨਹੀਂ ਕਰਵਾਉਂਦੀ। ਰਾਹੁਲ ਗਾਂਧੀ ਨੇ ਕਿਹਾ ਕਿ ਜਦ ਉਨ੍ਹਾਂ ਨਸ਼ੇ ਦਾ ਮਸਲਾ ਚੁੱਕਿਆ ਸੀ ਤਾਂ ਅਕਾਲੀਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੇ ਨਸ਼ੇ ਦਾ ਲੱਕ ਤੋੜਿਆ ਹੈ ਪਰ ਮੋਦੀ ਸਰਕਾਰ ਨੂੰ ਉਹ ਅਪੀਲ ਕਰਦੇ ਹਨ ਕਿ ਈਡੀ ਨੂੰ ਕਹਿ ਕੇ ਪੰਜਾਬ ਦੇ ਇਨ੍ਹਾਂ ਵੱਡੇ ਮਗਰਮੱਛਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਸਵਾਲ ਉਦੋਂ ਕੀਤਾ ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਭਾਸ਼ਣ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਬਾਰੇ ਵੱਡੇ ਦਾਅਵੇ ਕਰ ਚੁੱਕੇ ਸਨ। ਅਜਿਹੇ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਸਵਾਲ ਉੱਠਦੇ ਹਨ ਕਿ ਜੇਕਰ ਉਨ੍ਹਾਂ ਨਸ਼ਿਆਂ ਦੇ ਮਾਮਲੇ 'ਤੇ ਯੋਗ ਕਾਰਵਾਈ ਕੀਤੀ ਹੈ ਤਾਂ ਉਨ੍ਹਾਂ ਦੇ ਪਾਰਟੀ ਪ੍ਰਧਾਨ ਨੂੰ ਮੋਗਾ ਆ ਕੇ ਕਹਿਣ ਦੀ ਕੀ ਲੋੜ ਸੀ। ਰਾਹੁਲ ਗਾਂਧੀ ਦੀ ਮੋਦੀ ਨੂੰ ਅਪੀਲ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿੰਨਾ ਜ਼ੋਰ ਅਕਾਲੀ ਦਲ ਖ਼ਿਲਾਫ਼ ਨਸ਼ਿਆਂ ਦਾ ਪ੍ਰਚਾਰ ਕਰਨ 'ਤੇ ਲਾਇਆ ਸੀ, ਓਨਾ ਜ਼ੋਰ ਕਾਰਵਾਈ 'ਤੇ ਨਹੀਂ ਲਾਇਆ।