Rain in Punjab: ਪੰਜਾਬ ਤੇ ਹਰਿਆਣਾ ਵਿੱਚ ਇਸ ਵਾਰ ਬਾਰਸ਼ ਰਿਕਾਰਡ ਤੋੜ ਰਹੀ ਹੈ। ਮੌਸਮ ਵਿਭਾਗ ਅਨੁਸਾਰ ਜੁਲਾਈ ਮਹੀਨੇ ਪੰਜਾਬ ਤੇ ਹਰਿਆਣਾ ਵਿੱਚ ਆਮ ਨਾਲੋਂ 40 ਫੀਸਦੀ ਵੱਧ ਮੀਂਹ ਪਿਆ ਹੈ। ਇਸ ਤਹਿਤ ਐਤਕੀ ਜੁਲਾਈ ਮਹੀਨੇ ਹਰਿਆਣਾ ਵਿੱਚ 59 ਫੀਸਦੀ ਤੇ ਪੰਜਾਬ ਵਿੱਚ 44 ਫੀਸਦੀ ਵੱਧ ਮੀਂਹ ਪਏ। ਦੋਵੇਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਜੁਲਾਈ ਮਹੀਨੇ ਆਮ ਨਾਲੋਂ 170 ਫੀਸਦੀ ਵਧ ਮੀਂਹ ਪਿਆ। 


ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਆਮ ਤੌਰ ’ਤੇ ਚੰਡੀਗੜ੍ਹ ਵਿੱਚ 273.2 ਐਮਐਮ ਮੀਂਹ ਪੈਂਦਾ ਹੈ ਪਰ ਐਤਕੀ ਸ਼ਹਿਰ ਵਿੱਚ 738.7 ਐਮਐਮ ਬਾਰਸ਼ ਹੋਈ ਹੈ। ਉਨ੍ਹਾਂ ਆਖਿਆ ਕਿ ਜੁਲਾਈ ਮਹੀਨੇ ਚੰਡੀਗੜ੍ਹ ਵਿੱਚ ਚੌਵੀ ਘੰਟਿਆਂ ਦੇ ਵਕਫ਼ੇ ਦੌਰਾਨ ਹੁਣ ਤੱਕ ਦੀ ਰਿਕਾਰਡ 302.2 ਐਮਐਮ ਬਾਰਸ਼ ਹੋਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਜੁਲਾਈ ਮਹੀਨੇ ਹਰਿਆਣਾ ਵਿੱਚ 237.1 ਐਮਐਮ ਮੀਂਹ ਪਿਆ ਜਦਕਿ ਆਮ ਤੌਰ ’ਤੇ 149.1 ਮੀਂਹ ਪੈਦਾ ਹੈ, ਜੋ ਆਮ ਨਾਲੋਂ 59 ਫੀਸਦੀ ਵੱਧ ਹੈ। 


ਇਸੇ ਤਰ੍ਹਾਂ ਪੰਜਾਬ ਵਿੱਚ ਰਿਕਾਰਡ 231.8 ਐਮਐਮ ਮੀਂਹ ਪਿਆ ਜਦਕਿ ਆਮ ਤੌਰ ’ਤੇ 161.4 ਐਮਐਮ ਮੀਂਹ ਪੈਂਦਾ ਹੈ। ਇਸ ਲਿਹਾਜ਼ ਨਾਲ ਪੰਜਾਬ ਵਿਚ ਜੁਲਾਈ ਮਹੀਨੇ 44 ਫੀਸਦੀ ਵੱਧ ਮੀਂਹ ਪਿਆ। ਫਿਰੋਜ਼ਪੁਰ ਜ਼ਿਲ੍ਹੇ ਵਿੱਚ 165 ਐਮਐਮ ਦੇ ਮੁਕਾਬਲੇ 258.2 ਐਮਐਮ ਮੀਂਹ ਪਿਆ। ਫਰੀਦਕੋਟ ਵਿੱਚ 107 ਐਮਐਮ ਦੇ ਮੁਕਾਬਲੇ 256.2 ਐਮਐਮ ਮੀਂਹ ਪਿਆ, ਜੋ ਆਮ ਨਾਲੋਂ 139 ਫੀਸਦੀ ਵੱਧ ਸੀ। 


ਇਸੇ ਤਰ੍ਹਾਂ ਮੁਹਾਲੀ ਵਿੱਚ 208.7 ਐਮਐਮ ਦੇ ਮੁਕਾਬਲੇ 472.6 ਐਮਐਮ ਮੀਂਹ ਪਿਆ, ਜੋ ਆਮ ਨਾਲੋਂ 126 ਫੀਸਦੀ ਵੱਧ ਸੀ। ਪਟਿਆਲਾ ਤੇ ਰੂਪਨਗਰ ਵਿੱਚ ਕ੍ਰਮਵਾਰ 71 ਤੇ 107 ਫੀਸਦੀ ਵੱਧ ਮੀਂਹ ਪਏ। ਜਲੰਧਰ ਤੇ ਤਰਨ ਤਾਰਨ ਵਿਚ ਜੁਲਾਈ ਮਹੀਨੇ 151 ਐਮਐਮ ਮੀਂਹ ਪਏ, ਜੋ ਆਮ ਨਾਲੋਂ 34 ਫੀਸਦੀ ਵੱਧ ਸਨ। 


ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਏ। ਬਰਨਾਲਾ ਵਿਚ ਐਤਕੀ ਜੁਲਾਈ ਮਹੀਨੇ 86.6 ਐਮਐਮ ਬਾਰਸ਼ ਹੋਈ ਜਦਕਿ ਆਮ ਤੌਰ ’ਤੇ 122.1 ਐਮਐਮ ਹੁੰਦੀ ਹੈ। ਇਸ ਤਰ੍ਹਾਂ ਬਰਨਾਲਾ ਵਿੱਚ ਐਤਕੀ 29 ਫੀਸਦੀ ਘੱਟ ਮੀਂਹ ਪਿਆ। ਇਸ ਤਰ੍ਹਾਂ ਫਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਕ੍ਰਮਵਾਰ ਰਿਕਾਰਡ 58 ਤੇ 60 ਫੀਸਦੀ ਘੱਟ ਮੀਂਹ ਪਿਆ। 


ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਦੇ ਬਹੁਤ ਸਾਰੇ ਖੇਤਰਾਂ ਵਿੱਚ ਆਏ ਹੜ੍ਹਾਂ ਕਾਰਨ ਦੋਵੇਂ ਰਾਜਾਂ ਵਿਚ ਹੁਣ ਤੱਕ ਕਰੀਬ 80 ਮੌਤਾਂ ਹੋ ਗਈਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ। ਪੰਜਾਬ ਵਿੱਚ ਜਿਹੜੇ ਲੋਕਾਂ ਦੇ ਘਰ ਢਹਿ ਗਏ ਹਨ ਉਨ੍ਹਾਂ ਨੂੰ ਰਾਹਤ ਕੈਂਪਾਂ ਵਿਚ ਠਹਿਰਾਇਆ ਗਿਆ ਹੈ।