ਜਲੰਧਰ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਤਕਰੀਬਨ ਸੱਤ ਘੰਟੇ ਪੁੱਛਗਿੱਛ ਕੀਤੀ। ਆਪਣੀ ਖੰਡ ਮਿੱਲ ਲਈ ਕਰੀਬ 1 ਅਰਬ ਰੁਪਏ ਦੀ ਫੰਡਿੰਗ ਵਿਦੇਸ਼ਾਂ ਤੋਂ ਲੈਣ ਦੇ ਮਾਮਲੇ ਵਿੱਚ ਨਿਯਮਾਂ ਦੀ ਅਣਦੇਖੀ ਦੇ ਇਲਜ਼ਾਮ ਹੇਠ ਈ.ਡੀ. ਨੇ ਰਾਣਾ ਇੰਦਰ ਪ੍ਰਤਾਪ ਨੂੰ ਸੰਮਣ ਭੇਜੇ ਸੀ। ਰਾਣਾ ਇੰਦਰ ਪ੍ਰਤਾਪ ਸਾਢੇ 12 ਵਜੇ ਈ.ਡੀ. ਦਫ਼ਤਰ ਪੁੱਜੇ ਅਤੇ ਤਕਰੀਬਨ ਸਵਾ ਸੱਤ ਵਜੇ ਬਾਹਰ ਆਏ।

ਜੂਨੀਅਰ ਰਾਣਾ ਦੀ ਸਫਾਈ-

ਮੀਡੀਆ ਦੇ ਸਵਾਲਾਂ 'ਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ,"ਜਿਹੜਾ ਵੀ ਅਸੀਂ ਬਾਰੋਂ ਫ਼ੰਡ ਲਿਆ ਉਸ ਦਾ ਸਾਰਾ ਰਿਕਾਰਡ ਸਾਡੇ ਕੋਲ ਹੈ। ਅਸੀਂ ਫੰਡਿੰਗ ਬਾਰੇ ਪਹਿਲਾਂ ਜਾਣਕਾਰੀ ਵੀ ਦਿੱਤੀ ਹੋਈ ਹੈ। ਉਸ ਦੀਆਂ ਕਾਪੀਆਂ ਅਸੀਂ ਅੱਜ ਵੀ ਦੇ ਦਿੱਤੀਆਂ ਹਨ। ਸਾਡੇ ਕੋਲ ਸਾਰੇ ਕਾਗ਼ਜ਼ ਹਨ। ਸਾਰਾ ਬਿਜ਼ਨੈੱਸ ਕਾਗ਼ਜ਼ਾਂ ਵਿੱਚ ਹੈ।"

ਜੇਕਰ ਸਾਰਾ ਕੁਝ ਠੀਕ ਤਾਂ ਫਿਰ ਈ.ਡੀ. ਨੇ ਸੰਮਣ ਕਿਉਂ ਭੇਜੇ?-

ਇਸ ਸਵਾਲ ਦੇ ਜਵਾਬ ਵਿੱਚ 'ਜੂਨੀਅਰ ਰਾਣਾ' ਨੇ ਕਿਹਾ ਕਿ ਜੇਕਰ ਕਿਸੇ ਦੇ ਖਾਤੇ ਵਿੱਚ 10 ਲੱਖ ਰੁਪਏ ਵੀ ਆ ਜਾਂਦੇ ਹਨ ਤਾਂ ਇਨਕਮ ਟੈਕਸ ਡਿਪਾਰਟਮੈਂਟ ਪੁੱਛਗਿੱਛ ਕਰਦਾ ਹੈ। ਸਾਡੀ ਪਹਿਲਾਂ ਵੀ ਅਸੈਸਮੈਂਟ ਹੋ ਚੁੱਕੀ ਹੈ। ਇਹ ਮਾਮਲਾ 12 ਸਾਲ ਪੁਰਾਣਾ ਹੈ।"

ਪਿਤਾ ਸਬੰਧੀ ਸਵਾਲਾਂ ਤੋਂ ਵੱਟਿਆ ਟਾਲ਼ਾ-

ਪੱਤਰਕਾਰਾਂ ਨੇ ਪੁੱਛਿਆ ਕਿ ਜਿਸ ਵੇਲੇ ਤੁਹਾਡੇ ਪਿਤਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਬਾਰੇ ਵਿਵਾਦ ਜਾਰੀ ਹੈ, ਉਸ ਵੇਲੇ ਸੰਮਣ ਕਿਉਂ, ਦੇ ਜਵਾਬ ਵਿੱਚ ਰਾਣਾ ਇੰਦਰ ਪ੍ਰਤਾਪ ਨੇ ਕਿਹਾ, "ਮੈਂ ਕਿਸੇ ਰਾਜਨੀਤਕ ਸਵਾਲ ਦਾ ਜੁਆਬ ਨਹੀਂ ਦਿਆਂਗਾ।"

ਕੀ ਹੈ ਪੂਰਾ ਮਾਮਲਾ-

ਇਨਫੋਰਸਮੈਂਟ ਡਾਇਰੈਕਟੋਰੇਟ ਨੇ 6 ਜਨਵਰੀ ਨੂੰ ਸੰਮਣ ਜਾਰੀ ਕਰ ਕੇ ਇੰਦਰ ਪ੍ਰਤਾਪ ਸਿੰਘ ਨੂੰ 17 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਇੰਦਰ ਪ੍ਰਤਾਪ ਸਿੰਘ ਰਾਣਾ ਸ਼ੂਗਰਜ਼ ਦੇ ਮੈਨੇਜਿੰਗ ਡਾਇਰੈਕਟਰ ਹਨ। ਈ.ਡੀ. ਮੁਤਾਬਕ ਰਾਣਾ ਇੰਦਰ ਪ੍ਰਤਾਪ ਦੀ ਮਲਕੀਅਤ ਵਾਲੀ ਇੱਕ ਕੰਪਨੀ ਰਾਣਾ ਸ਼ੂਗਰਜ਼ ’ਤੇ ਵਿਦੇਸ਼ ਵਿੱਚ ਸ਼ੇਅਰਾਂ ਜਾਂ ਜੀ.ਡੀ.ਆਰਜ਼. (ਗਲੋਬਲ ਡਿਪੋਜ਼ਿਟਰੀ ਰਿਸਿਪਟਜ਼) ਦੇ ਰੂਪ ਵਿੱਚ 1.8 ਕਰੋੜ ਅਮਰੀਕੀ ਡਾਲਰ (ਕਰੀਬ 100 ਕਰੋੜ ਰੁਪਏ) ਜੁਟਾਉਣ ਦਾ ਇਲਜ਼ਾਮ ਹੈ। ਈ.ਡੀ. ਨੇ ਇਹ ਵੀ ਸ਼ੱਕ ਜ਼ਾਹਰ ਕੀਤਾ ਕਿ ਸ਼ੇਅਰਾਂ ਦੀ ਖ਼ਰੀਦੋ-ਫਰੋਖ਼ਤ ਦੌਰਾਨ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਨੂੰ ਅਣਦੇਖਿਆ ਕੀਤਾ ਗਿਆ ਹੈ।