ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦਿੱਲੀ 'ਚ ਹਨ ਤੇ ਕੱਲ੍ਹ ਉਨ੍ਹਾਂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਹੈ। ਇਸ ਲਈ ਕੱਲ੍ਹ ਕੈਬਿਨਟ ਮੰਤਰੀ ਰਾਣਾ ਗੁਰਜੀਤ ਦੇ ਅਸਤੀਫੇ 'ਤੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ। ਇਸ ਦੇ ਨਾਲ ਪੰਜਾਬ ਕੈਬਿਨਟ ਦੇ ਵਿਸਥਾਰ 'ਤੇ ਵੀ ਚਰਚਾ ਹੋਵੇਗੀ।
ਅੱਜ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਮਾਮਲਿਆਂ ਨਾਲ ਜੁੜੇ ਹਰੀਸ਼ ਚੌਧਰੀ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਹੋਈ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਮੁਤਾਬਕ ਅੱਜ ਨਵੇਂ ਬਣਨ ਵਾਲੇ ਮੇਅਰਾਂ ਬਾਰੇ ਚਰਚਾ ਹੋਈ ਹੈ। ਇਸ ਦੇ ਨਾਲ ਹੀ ਲੁਧਿਆਣਾ ਨਿਗਮ ਚੋਣ ਦੀ ਤਿਆਰੀ 'ਤੇ ਵੀ ਚਰਚਾ ਹੋਈ।
ਦਰਅਸਲ ਨਿਗਮ ਚੋਣਾਂ ਤੋਂ ਬਾਅਦ ਮੇਅਰ ਨਹੀਂ ਚੁਣੇ ਗਏ ਹਨ ਤੇ ਸਥਾਨਕ ਲੀਡਰ ਚੋਣ ਦਾ ਦਬਾਅ ਲਗਾਤਾਰ ਬਣਾ ਰਹੇ। ਇਸੇ ਕਰਕੇ ਹੀ ਦਿੱਲੀ ਵਿੱਚ ਇਹ ਮੀਟਿੰਗ ਹੋਈ। ਕੈਪਟਨ ਦੀ ਰਾਹੁਲ ਨਾਲ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ। ਇਸ ਮੀਟਿੰਗ 'ਤੇ ਸਿਆਸੀ ਲੀਡਰਾਂ ਤੋਂ ਲੈ ਕੇ ਮੀਡੀਆ ਦੀਆਂ ਨਜ਼ਰਾਂ ਹਨ। ਦੇਖਣਾ ਰੌਚਕ ਹੋਵੇਗਾ ਕਿ ਕੱਲ੍ਹ ਕੋਈ ਵੱਡਾ ਫੈਸਲਾ ਹੁੰਦਾ ਹੈ ਜਾਂ ਇਹ ਮੀਟਿੰਗ ਵੀ ਆਮ ਜਿਹੀ ਰਹਿੰਦੀ ਹੈ।