ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖ਼ਿਲਾਫ਼ ਖ਼ੂਬ ਭੜਾਸ ਕੱਢੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇੱਥੇ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਖ਼ਿਲਾਫ਼ ਸੁਚੇਤ ਕਰਨ ਲਈ ਆਏ ਹਨ।
ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਨ ਆਏ ਹਨ ਕਿ ਉਹ ਅਕਾਲੀ ਦਲ (ਬਾਦਲ) ਤੇ ਕਾਂਗਰਸ ਦਾ ਸਾਥ ਨਾ ਦੇਣ। ਪੱਤਰਕਾਰਾਂ ਵੱਲੋਂ ਪੁੱਛਣ 'ਤੇ ਕਿ ਫਿਰ ਉਹ ਇੱਥੇ ਕਿਸ ਦਾ ਸਮਰਥਨ ਕਰਨਗੇ ਤਾਂ ਬ੍ਰਹਮਪੁਰਾ ਨੇ ਗੋਲਮੋਲ ਜਵਾਬ ਦਿੱਤਾ ਕਿ ਇਹ ਉਨ੍ਹਾਂ ਦੇ ਵਰਕਰ ਤੈਅ ਕਰਨਗੇ। ਬ੍ਰਹਮਪੁਰਾ ਦੇ ਸਾਥੀ ਰਹਿ ਚੁੱਕੇ ਸੁਖਪਾਲ ਖਹਿਰਾ ਬਠਿੰਡਾ ਤੋਂ ਚੋਣ ਲੜ ਰਹੇ ਹਨ, ਪਰ ਉਨ੍ਹਾਂ ਸਿੱਧੇ ਤੌਰ 'ਤੇ ਖਹਿਰਾ ਦਾ ਸਮਰਥਨ ਨਹੀਂ ਕੀਤਾ।
ਰਣਜੀਤ ਸਿੰਘ ਬ੍ਰਹਮਪੁਰਾ ਨੇ ਬੇਅਦਬੀ ਮਾਮਲੇ 'ਤੇ ਕਿਹਾ ਕਿ ਬਾਦਲ ਤੇ ਕੈਪਟਨ ਰਲੇ ਹੋਏ ਹਨ ਨਹੀਂ ਤਾਂ ਅੱਜ ਤਕ ਬਾਦਲ ਜੇਲ੍ਹ ਵਿੱਚ ਹੁੰਦਾ। ਉਨ੍ਹਾਂ ਅਕਾਲੀ ਦਲ ਨੂੰ ਨਸ਼ੇ, ਬੇਅਦਬੀ ਤੇ ਮਾੜੇ ਪਾਰਟੀ ਪ੍ਰਬੰਧਨ 'ਤੇ ਖ਼ੂਬ ਘੇਰਿਆ।