ਜਲੰਧਰ: 75 ਸਾਲਾ ਸਤਿਆ ਦੇਵੀ ਦੀ ਕਹਾਣੀ ਤੁਹਾਨੂੰ ਜ਼ੁਰੂਰ ਭਾਵੁਕ ਕਰ ਦੇਵੇਗੀ। ਸਤਿਆ ਆਮ ਮਹਿਲਾਵਾਂ ਲਈ ਇੱਕ ਮਿਸਾਲ ਬਣੀ ਹੈ। ਦਰਅਸਲ, ਸਤਿਆ ਦੇ ਪਤੀ ਮੰਗਲ ਸਿੰਘ ਨੂੰ 1971 ਦੀ ਜੰਗ ਦੌਰਾਨ ਪਾਕਿਸਤਾਨੀ ਸੈਨਾ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਗਰੋਂ ਸਤਿਆ ਨੇ ਉਸ ਦੀ ਉਡੀਕ 'ਚ ਦਹਾਕੇ ਗੁਜ਼ਾਰ ਦਿੱਤੇ ਪਰ ਉਸ ਨੇ ਕਦੇ ਵੀ ਉਮੀਦ ਨਹੀਂ ਛੱਡੀ। ਭਾਰਤ ਸਰਕਾਰ ਨੂੰ ਕਈ ਚਿੱਠੀਆਂ ਲਿਖਣ ਮਗਰੋਂ ਕਰੀਬ 8 ਸਾਲਾਂ ਬਾਅਦ ਉਸ ਦੀ ਕੋਸ਼ਿਸ਼ ਰੰਗ ਲਿਆਈ ਹੈ। 49 ਸਾਲਾ ਬਾਅਦ ਰਾਸ਼ਟਰਪਤੀ ਦਫਤਰ ਵੱਲੋਂ ਚਿੱਠੀ ਭੇਜ ਕੇ ਉਸ ਦੇ ਪਤੀ ਦੇ ਜ਼ਿੰਦਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।


ਇਸ ਚਿੱਠੀ 'ਚ ਦੱਸਿਆ ਗਿਆ ਹੈ ਕਿ ਮੰਗਲ ਸਿੰਘ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ ਹੈ। ਹੁਣ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਉਸ ਦੀ ਰਿਹਾਈ ਵਿੱਚ ਤੇਜ਼ੀ ਲਿਆਈ ਜਾਵੇਗੀ। ਮੰਗਲ ਸਿੰਘ ਦੇ ਦੋ ਬੇਟੇ ਹਨ। ਸਤਿਆ ਤੇ ਉਸਦੇ ਬੇਟੇ  ਪਿਛਲੇ 49 ਸਾਲਾਂ ਤੋਂ ਮੰਗਲ ਸਿੰਘ ਦੀ ਉਡੀਕ ਕਰ ਰਹੇ ਹਨ। ਜਦੋਂ ਮੰਗਲ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਵਕਤ ਇੱਕ ਬੇਟਾ 3 ਤੇ ਦੂਜਾ 2 ਸਾਲ ਦਾ ਹੀ ਸੀ। ਬੱਚਿਆਂ ਨੂੰ ਪਾਲਣ ਦੇ ਨਾਲ ਨਾਲ ਸਤਿਆ ਨੇ ਆਪਣੇ ਪਤੀ ਦਾ ਇੰਤਜ਼ਾਰ ਕਦੇ ਨਹੀਂ ਛੱਡਿਆ।

ਗੱਲ 1971 ਦੀ ਹੈ, ਜਦੋਂ ਮੰਗਲ ਸਿੰਘ ਨੂੰ ਰਾਂਚੀ ਵਿੱਚ ਲਾਂਸ ਨਾਇਕ ਦੇ ਅਹੁਦੇ ਲਈ ਕੋਲਕਾਤਾ ਤਬਦੀਲ ਕਰ ਦਿੱਤਾ ਗਿਆ ਸੀ। ਅਚਾਨਕ, ਬੰਗਲਾਦੇਸ਼ ਦੇ ਫਰੰਟ 'ਤੇ ਡਿਊਟੀ ਸ਼ੁਰੂ ਹੋ ਗਈ। ਇੱਕ ਦਿਨ 1971 ਵਿੱਚ ਸੈਨਾ ਵੱਲੋਂ ਇੱਕ ਤਾਰ ਆਇਆ ਕਿ ਬੰਗਲਾਦੇਸ਼ ਵਿੱਚ ਸੈਨਿਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬ ਗਈ ਤੇ ਮੰਗਲ ਸਿੰਘ ਸਮੇਤ ਸਾਰੇ ਸੈਨਿਕ ਮਾਰੇ ਗਏ। ਫਿਰ 1972 ਵਿੱਚ, ਰਾਵਲਪਿੰਡੀ ਰੇਡੀਓ 'ਤੇ ਮੰਗਲ ਸਿੰਘ ਨੇ ਸੁਨੇਹਾ ਦਿੱਤਾ ਕਿ ਉਹ ਠੀਕ ਹੈ। ਉਦੋਂ ਤੋਂ, ਉਹ ਆਪਣੀ ਵਾਪਸੀ ਦੀ ਉਡੀਕ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ,"ਉਸ ਸਮੇਂ ਅਸੀਂ ਰਿਹਾਈ ਲਈ ਦਬਾਅ ਪਾਇਆ ਪਰ ਕੋਈ ਸਹਾਇਤਾ ਨਹੀਂ ਮਿਲ ਸਕੀ।"