ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ 'ਬਾਦਲ ਪਾਰਟੀ' ਬਣਾਉਣ ਦੇ ਇਲਜ਼ਾਮ ਲਾਉਂਦਿਆਂ ਸਿੱਖਾਂ ਨੂੰ ਇੱਕਮੁੱਠ ਹੋਣ ਦਾ ਸੱਦਾ ਦਿੱਤਾ। ਇਨ੍ਹਾਂ ਲੀਡਰਾਂ ਨੇ 'ਸਫ਼ਰ-ਏ-ਅਕਾਲੀ ਲਹਿਰ' ਦੇ ਬੈਨਰ ਹੇਠ ਪ੍ਰੋਗਰਾਮ ਕਰਵਾਇਆ। ਇਸ ਦੌਰਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੰਦਿਆਂ ਟਕਸਾਲੀਆਂ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਕਿਸੇ 'ਇੱਕ ਵਿਅਕਤੀ' ਜਾਂ 'ਪਰਿਵਾਰ' ਦੀ ਜਾਗੀਰ ਨਹੀਂ, ਸਗੋਂ 'ਇੱਕ ਸੋਚ ਤੇ ਸਿਧਾਂਤ' ਹੈ।
ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਦੇ ਮਾਵਲੰਕਰ ਹਾਲ ਵਿੱਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ 'ਚ ਇਕ 7 ਨੁਕਾਤੀ ਮਤਾ ਵੀ ਪਾਸ ਕੀਤਾ ਗਿਆ। ਇਸ 'ਚ ਮੁੱਖ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਨ ਦੀ ਆਵਾਜ਼ ਉਠਾਉਣ ਦਾ ਅਹਿਦ ਕੀਤਾ ਗਿਆ।
ਦਿਲਚਸਪ ਗੱਲ ਹੈ ਕਿ ਕਿਸੇ ਵੇਲੇ ਵੱਖ-ਵੱਖ ਵਿਚਾਰਧਾਰਾਵਾਂ ਨੂੰ ਲੈ ਕੇ ਇੱਕ-ਦੂਜੇ ਦੇ ਸਿਆਸੀ ਵਿਰੋਧੀ ਰਹਿ ਚੁੱਕੇ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਸਰਨਾ ਭਰਾਵਾਂ ਨੇ ਵੀ ਮੰਚ ਸਾਂਝਾ ਕੀਤਾ। ਸਾਰੇ ਸਿੱਖ ਲੀਡਰਂ ਨੇ ਪਾਰਟੀ ਦੀ ਅਜੋਕੀ ਹਾਲਤ ਲਈ ਜਿੱਥੇ ਮੁੱਖ ਤੌਰ 'ਤੇ ਸੁਖਬੀਰ ਬਾਦਲ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਦੇ ਰਵੱਈਏ 'ਤੇ ਘੇਸਲ ਵੱਟਣ ਲਈ ਕਸੂਰਵਾਰ ਦੱਸਿਆ।
ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਮੰਚ ਤੋਂ ਉਨ੍ਹਾਂ ਇਲਜ਼ਾਮਾਂ ਦਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਵੀ ਕੀਤੀ, ਜਿਸ 'ਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਆਖਰ ਪਾਰਟੀ ਛੱਡਣ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਇਹ ਖਾਮੀਆਂ ਕਿਉਂ ਨਜ਼ਰ ਆਈਆਂ? ਢੀਂਡਸਾ ਤੇ ਬ੍ਰਹਮਪੁਰਾ ਨੇ ਇਸ ਚੁੱਪੀ ਦਾ ਕਾਰਨ ਦੱਸਦਿਆਂ ਕਿਹਾ ਕਿ ਉਨ੍ਹਾਂ ਉਸ ਵੇਲੇ ਬੰਦ ਕਮਰੇ 'ਚ ਕਈ ਵਾਰ ਇਹ ਮਾਮਲਾ ਉਠਾਇਆ ਸੀ।
ਦੋਵਾਂ ਆਗੂਆਂ ਨੇ ਕਿਹਾ ਕਿ ਸਿਰਫ ਗੱਲਾਂ-ਬਾਤਾਂ ਨਾਲ ਕੁਝ ਨਹੀਂ ਹੋਣਾ, ਬਲਕਿ ਸਿਰ 'ਤੇ ਕਫ਼ਨ ਬੰਨ੍ਹ ਕੇ ਮੁਕਾਬਲਾ ਕਰਨਾ ਪੈਣਾ ਹੈ। ਰਵੀਇੰਦਰ ਸਿੰਘ ਨੇ ਕਿਹਾ ਕਿ ਪੰਥ ਨੂੰ ਬਚਾਉਣ ਵਾਸਤੇ ਦਿੱਲੀ ਵਾਲਿਆਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਸੇਵਾ ਸਿੰਘ ਸੇਖਵਾਂ ਨੇ ਮਾੜੇ ਕਾਰਨਾਮੇ ਕਰਨ ਵਾਲੇ ਮਹੰਤਾਂ ਤੋਂ ਛੁਟਕਾਰਾ ਪਾਉਣ ਲਈ ਇਕਜੁਟਤਾ 'ਤੇ ਜ਼ੋਰ ਦਿੱਤਾ। ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸੁਖਬੀਰ ਨੂੰ ਛੱਡ ਕੇ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ 'ਤੇ ਪੰਥ ਨੂੰ ਵੇਚ ਕੇ ਪੈਸੇ ਬਣਾਉਣ ਦਾ ਝੂਠਾ ਜਾਂ ਸੱਚਾ ਦੋਸ਼ ਨਹੀਂ ਲੱਗਾ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ 'ਤੇ ਕਾਬਜ਼ ਮੁਖੀਆਂ 'ਚ ਸਿਧਾਂਤਾਂ 'ਤੇ ਪਹਿਰਾ ਦੇਣ ਦਾ ਜਜ਼ਬਾ ਖਤਮ ਹੋ ਚੁੱਕਾ ਹੈ ਤੇ ਸੋਚ ਸਿਰਫ਼ ਸੱਤਾ ਹਾਸਲ ਕਰਨ ਤੱਕ ਹੀ ਸੀਮਤ ਰਹਿ ਗਈ ਹੈ। ਦੁਨੀਆ ਦੇ 65 ਮੁਲਕਾਂ 'ਚ ਫੈਲੇ ਤੇ 5ਵੇਂ ਸਭ ਤੋਂ ਵੱਡੇ ਧਰਮ ਦੀ ਨੁਮਾਇੰਦਗੀ ਲਈ ਨਵੇਂ ਮੰਚ ਦੇ ਗਠਨ ਦੀ ਫੌਰੀ ਲੋੜ 'ਤੇ ਜ਼ੋਰ ਦਿੰਦਿਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਕਾਲਜ ਜਾਂ ਯੂਨੀਵਰਸਿਟੀ ਦਾ ਪ੍ਰਿੰਸੀਪਲ ਸਹੀ ਨਾ ਹੋਵੇ ਤਾਂ ਕਸੂਰ ਉਸ ਸੰਸਥਾ ਦਾ ਨਹੀਂ, ਸਗੋਂ ਉਸ ਦੀ ਅਗਵਾਈ ਕਰਨ ਵਾਲੇ ਦਾ ਹੁੰਦਾ ਹੈ। ਇਸ ਲਈ ਲੋੜ ਸਿਰਫ਼ ਆਗੂ ਬਦਲਣ ਦੀ ਹੈ।