ਪੰਜਾਬ ਪੁਲਿਸ 'ਚ ਭਰਤੀ ਕੀਤੇ 560 ਸਬ ਇੰਸਪੈਕਟਰਾਂ ਨੂੰ ਲੈ ਕੇ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ। ਇਸ ਭਰਤੀ ਵਿੱਚ ਸਿਰਫ਼ ਹਰਿਆਣਾ ਹੀ ਨਹੀਂ ਬਲਕਿ ਰਾਜਸਥਾਨ ਤੋਂ ਵੀ ਨੌਜਵਾਨਾ ਚੁਣੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ 560 ਸਬ ਇੰਸਪੈਕਟਰਾਂ ਦੀ ਭਰਤੀ ਵਿਚੋਂ 31 ਨੌਜਵਾਨ ਹਰਿਆਣਾ ਦੇ ਹਨ ਅਤੇ 4 ਨੌਜਵਾਨ ਰਾਜਸਥਾਨ ਦੇ ਹਨ।


ਜੇਕਰ ਦੇਖਿਆ ਜਾਵੇ ਤਾਂ 6 ਫੀਸਦ ਉਮੀਦਵਾਰਾਂ ਨੂੰ ਛੱਡ ਕੇ ਬਾਕੀ 94 ਫੀਸਦ ਭਰਤੀ ਹੋਏ ਨੌਜਵਾਨ ਪੰਜਾਬ ਦੇ ਹਨ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਕਿਉਂਕਿ ਬੀਤੇ ਦਿਨ ਤੋਂ ਵਿਰੋਧੀ ਧਿਰਾਂ ਪੰਜਾਬ ਸਰਕਾਰ 'ਤੇ ਲਗਾਤਾਰ ਸਵਾਲ ਖੜੀਆਂ ਕਰ ਰਹੀਆਂ ਹਨ। ਕਿ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ। 


ਦਰਅਸਲ ਦੋ ਦਿਨਾਂ ਤੋਂ ਪੰਜਾਬ ਵਿੱਚ ਵਿਰੋਧੀ ਧਿਰਾਂ ਇੱਕ ਲੈਟਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੀਆਂ ਹਨ ਕਿ ਮਾਨਸਾ ਜਿਲ੍ਹੇ ਵਿੱਚ ਭਰਤੀ ਹੋਏ 7 ਨੌਜਵਾਨਾਂ ਵਿਚੋਂ 6 ਹਰਿਆਣਾ ਦੇ ਹਨ। ਇਸ ਨੂੰ ਲੈ ਕੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪੱਤਰ ਸਿਰਫ਼ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਸਬ-ਇੰਸਪੈਕਟਰਾਂ ਨਾਲ ਸਬੰਧਤ ਹੈ ਅਤੇ ਕੁਝ ਲੋਕਾਂ ਨੇ ਇਹ ਕਹਿ ਕੇ ਵਾਇਰਲ ਕਰ ਦਿੱਤਾ ਹੈ ਕਿ ਇਹ ਸਾਰੀ ਭਰਤੀ ਹੈ, ਜਦੋਂਕਿ ਸੱਚਾਈ ਕੁਝ ਹੋਰ ਹੈ। 


ਅਧਿਕਾਰੀਆਂ ਦਾ ਕਹਿਣਾ ਹੈ ਕਿ ਭਰਤੀ ਪ੍ਰਕਿਰਿਆ ਪੂਰੇ ਦੇਸ਼ ਦੇ ਨੌਜਵਾਨਾਂ ਲਈ ਇੱਕੋ ਜਿਹੀ ਹੈ ਅਤੇ ਮੈਟ੍ਰਿਕ ਵਿੱਚ ਪੰਜਾਬੀ ਵਿਸ਼ੇ ਵਜੋਂ ਪੜ੍ਹਣ ਵਾਲੇ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਦੇ ਹਨ, ਇਸ ਲਈ ਇਹ ਸਾਰੀ ਭਰਤੀ ਪਹਿਲਾਂ ਨਿਰਧਾਰਤ ਮਾਪਦੰਡਾਂ ਦੇ ਆਧਾਰ 'ਤੇ ਕੀਤੀ ਗਈ ਹੈ।


ਬਿਕਰਮ ਸਿੰਘ ਮਜੀਠੀਆ ਨੇ X 'ਤੇ ਟਵੀਟ ਕਰਦੇ ਹੋਏ ਸਵਾਲ ਅੱਗੇ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਕਿਹਾ ਕਿ ਜੇਕਰ ਤੁਸੀਂ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਵਿੱਚ ਭਰਤੀ ਵੀ ਨਹੀਂ ਕਰ ਸਕਦੇ ਤਾਂ ਵਿਦੇਸ਼ਾਂ ਵਿੱਚ ਜਾਣ ਤੋਂ ਕਿਵੇਂ ਰੋਕੋਗੇ ? ਹੈਰਾਨ ਕਰਨ ਵਾਲੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਭਰਤੀ ਕੀਤੇ ਗਏ 7 ਸਬ ਇੰਸਪੈਕਟਰਾਂ ਵਿੱਚੋਂ 6 ਹਰਿਆਣਾ ਦੇ ਹਨ। ਪਿਛਲੀਆਂ ਨਿਯੁਕਤੀਆਂ ਵਿੱਚ ਵੀ ਇਹੀ ਕਹਾਣੀ ਸੀ। ਤੁਹਾਡੀ ਸਰਕਾਰ ਲੱਖਾਂ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸਾਡੇ ਨੌਜਵਾਨਾਂ ਨਾਲ ਵਿਤਕਰਾ ਕਰ ਰਹੀ ਹੈ।


ਇਸੇ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਟਵੀਟ 'ਚ ਕਿਹਾ ਕਿ  - ਤੁਸੀਂ ਤਾਂ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਹਰਾ ਪੈਨ ਪੰਜਾਬੀਆਂ ਲਈ ਚੱਲੇਗਾ ਪਰ ਇਹ ਤਾਂ ਸਭ ਉਲਟ ਹੋ ਰਿਹਾ ਹੈ। ਇਸ ਸਬ ਇੰਸਪੈਕਟਰ ਲਿਸਟ ਵਿੱਚ 6 ਹਰਿਆਣਾ ਤੋਂ ਅਤੇ ਇੱਕ ਪੰਜਾਬੀ ਹੈ। ਇਹ ਦੱਸੋ ਕਿ ਇਸ ਨਾਲ ਪੰਜਾਬੀ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਕਿਵੇਂ ਰੋਕਾਂਗੇ ਜੇਕਰ ਤੁਸੀ ਪੰਜਾਬ ਵਿੱਚ ਨੋਕਰੀਆਂ ਬਾਹਰ ਦੇ ਸੂਬੇ ਦੇ ਲੋਕਾਂ ਨੂੰ ਦੇਵੋਗੇ ਜਾਂ ਤੁਸੀਂ ਆਪਣੀ ਦੂਸਰੀ ਕਹੀ ਗੱਲ ਸਾਬਿਤ ਕਰ ਰਹੇ ਹੋ ਕਿ ਪੰਜਾਬ ਵਿੱਚ ਬਾਹਰ ਤੋਂ ਲੋਕ ਆ ਕੇ ਨੌਕਰੀ ਲਿਆ ਕਰਣਗੇ ? ਇਹ ਕਿਹੋ ਜਿਹਾ ਬਦਲਾਵ ਹੈ?