ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ 'ਆਪ' ਵੱਲੋਂ ਉਮੀਦਵਾਰ ਵਾਪਸ ਲੈਣ ਵਾਲੀ ਕੋਈ ਗੱਲ ਨਹੀਂ, ਕੁਝ ਵਿਰੋਧੀ ਤਾਕਤਾਂ ਪਾਰਟੀ ਤੇ ਉਮੀਦਵਾਰ ਦਾ ਨੁਕਸਾਨ ਕਰਨ ਲਈ ਅਜਿਹੀਆਂ ਅਫ਼ਵਾਹਾਂ ਨੂੰ ਤੂਲ ਦੇ ਰਹੇ ਹਨ। ਉਨ੍ਹਾਂ ਬੀਬੀ ਖਾਲੜਾ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਇਨਸਾਫ਼ ਦੀ ਲੜਾਈ ਲੜਦਿਆਂ ਸਰਦਾਰ ਖਾਲੜਾ ਨੇ ਆਪਣਾ ਬਲੀਦਾਨ ਦਿੱਤਾ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਇਨਸਾਫ਼ ਪਸੰਦ ਭ੍ਰਿਸ਼ਟਾਚਾਰ ਤੇ ਮਾਫ਼ੀਆ ਮੁਕਤ ਨਿਜ਼ਾਮ ਦੀ ਸਿਰਜਣਾ ਕਰਨਾ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਹੈ। ਇਸ ਲਈ ਬੀਬੀ ਖਾਲੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ।
ਦਰਅਸਲ ਅਮਨ ਅਰੋੜਾ ਤਰਨਤਾਰਨ ਵਿੱਚ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਦੇ ਚੋਣ ਪ੍ਰਚਾਰ ਲਈ ਪਹੁੰਚੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਨੇ ਕਿਹਾ ਕਿ ਖਹਿਰਾ ਜਸਵੰਤ ਸਿੰਘ ਖਾਲੜਾ ਦੇ ਬਲੀਦਾਨ ਦਾ ਸਿਆਸੀ ਮੁੱਲ ਵੱਟਣ ਦੀ ਤਾਕ ਵਿੱਚ ਹਨ, ਜਦਕਿ ਖਹਿਰਾ 1997 ਵਿੱਚ ਉਸੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਖ਼ਤਮ ਕਰ ਦਿੱਤਾ ਸੀ। ਉਨ੍ਹਾਂ ਸਵਾਲ ਕੀਤਾ ਕਿ ਖਾਲੜਾ ਦੇ ਬਲੀਦਾਨ ਤੋਂ ਤੁਰੰਤ ਬਾਅਦ ਕਾਂਗਰਸੀ ਬਣੇ ਖਹਿਰਾ ਦੀ ਅੱਜ 22 ਸਾਲ ਬਾਅਦ 'ਜ਼ਮੀਰ' ਕਿਵੇਂ ਜਾਗ ਪਈ?
ਇਸ ਤੋਂ ਇਲਾਵਾ ਅਮਨ ਅਰੋੜਾ ਨੇ ਕਿਹਾ ਕਿ ਜੁਮਲੇਬਾਜ਼ੀ ਦੇ ਮਾਮਲੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਛਾੜ ਦਿੱਤਾ ਹੈ। ਇਸ ਲਈ ਅਸੀ ਇੱਕ ਪਾਸੇ ਕੈਪਟਨ ਤੇ ਨਰਿੰਦਰ ਮੋਦੀ ਦੀ ਜੁਮਲੇਬਾਜ਼ੀ ਦੂਜੇ ਪਾਸੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਚਾਰ ਸਾਲਾਂ ਦੇ ਕੰਮ ਤੇ ਭਗਵੰਤ ਮਾਨ ਵੱਲੋਂ ਸੰਸਦ ਵਿੱਚ ਦਲੇਰੀ ਨਾਲ ਉਠਾਏ ਮਸਲਿਆਂ ਦਾ ਘਰ-ਘਰ ਜਾ ਕੇ ਪ੍ਰਚਾਰ ਕਰਾਂਗੇ।