ਜਲੰਧਰ:ਆਬਕਾਰੀ ਨੀਤੀ 2019-20 ਤਹਿਤ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੇ ਡਰਾਅ ਨਾਲ ਜਿੱਥੇ ਨਵੇਂ ਠੇਕੇਦਾਰਾਂ ਦੀ ਕਿਸਮਤ ਚਮਕੀ ਹੈ, ਉੱਥੇ ਹੀ ਇਸ ਨਾਲ ਸ਼ਰਾਬੀਆਂ ਦੀਆਂ ਵਾਛਾਂ ਵੀ ਖਿੜ ਸਕਦੀਆਂ ਹਨ। ਡਰਾਅ ’ਚ ਜ਼ਿਲ੍ਹੇ ਨੂੰ ਪਿਛਲੇ ਸਾਲ ਨਾਲੋਂ 72 ਕਰੋੜ ਦੀ ਆਮਦਨ ਵੱਧ ਹੋਵੇਗੀ ਜਿਸ ਕਾਰਨ ਸ਼ਰਾਬ ਸਸਤੀ ਹੋ ਸਕਦੀ ਹੈ।


ਇਸ ਸਾਲ ਪੌਂਟੀ ਚੱਢਾ ਪਰਿਵਾਰ ਦਾ ਸ਼ਰਾਬ ਦੇ ਠੇਕਿਆਂ ਤੋਂ ਦਬਦਬਾ ਵੀ ਘੱਟ ਗਿਆ ਹੈ। ਪਿਛਲੇ ਸਾਲ ਉਨ੍ਹਾਂ ਕੋਲ ਕਾਰਪੋਰੇਸ਼ਨ ਦੇ ਠੇਕਿਆਂ ਦੇ ਸਾਰੇ ਦੇ ਸਾਰੇ 47 ਗਰੁੱਪ ਸਨ ਪਰ ਇਸ ਵਾਰ ਉਨ੍ਹਾਂ ਦੇ ਹਿੱਸੇ 14 ਗਰੁੱਪ ਹੀ ਆਏ। ਚੱਢਿਆਂ ਦਾ ਦਬਦਬਾ ਘਟਣ ਨਾਲ ਵੀ ਸ਼ਹਿਰ ਵਿੱਚ ਸ਼ਰਾਬ ਸਸਤੀ ਹੋਣ ਦੀਆਂ ਸੰਭਾਵਨਾਵਾਂ ਹਨ।

ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਮੁਤਾਬਕ ਜਲੰਧਰ ਕਾਰਪੋਰੇਸ਼ਨ ਲਈ ਕੁੱਲ 2207, ਜਲੰਧਰ 1 ਰੂਰਲ ਦੇ ਗਰੁੱਪਾਂ ਲਈ 1004 ਅਤੇ ਜਲੰਧਰ-2 ਰੂਰਲ ਗਰੁੱਪਾਂ ਲਈ 1725 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ ਕ੍ਰਮਵਾਰ 6,62,10,000 ਰੁਪਏ, 3,01,20,000 ਰੁਪਏ ਅਤੇ 5,17,50,000 ਰੁਪਏ ਲਾਟਰੀ ਫੀਸ ਵਜੋਂ ਪ੍ਰਾਪਤ ਹੋਏ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਲੰਧਰ-1 ਅਤੇ ਜਲੰਧਰ 2 ਦੇ ਠੇਕਿਆਂ ਤੋਂ ਸਾਲ 2019-20 ਦੌਰਾਨ 484.45 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 72 ਕਰੋੜ ਰੁਪਏ ਵੱਧ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ 125.65 ਕਰੋੜ ਰੁਪਏ ਦਾ ਮਾਲੀਆ ਆਉਣ ਦੀ ਸੰਭਾਵਨਾ ਹੈ। ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਮੁਤਾਬਕ ਠੇਕਿਆਂ ਤੋਂ ਸਰਕਾਰ ਨੂੰ 53.20 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਵੇਗਾ, ਜਿਹੜਾ ਪਿਛਲੇ ਸਾਲ 45.84 ਕਰੋੜ ਰੁਪਏ ਸੀ। ਹੁਸ਼ਿਆਰਪੁਰ ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਵਿਭਾਗ ਨੂੰ ਸ਼ਰਾਬ ਦੀ ਵਿਕਰੀ ਤੋਂ 2 ਅਰਬ 98 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹਾਸਲ ਹੋਈ।

ਪਠਾਨਕੋਟ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਠੇਕਿਆਂ ਦੀ ਨਿਲਾਮੀ ਨਾਲ 9 ਕਰੋੜ 22 ਲੱਖ 50 ਹਜ਼ਾਰ ਰੁਪਏ ਬਣਦੀ ਹੈ। ਇਹ ਫੀਸ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਜਮ੍ਹਾਂ ਹੋਈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਗੋਇਲ ਮੁਤਾਬਕ 20 ਡਰਾਅ ਕੱਢੇ ਗਏ ਜਿਨ੍ਹਾਂ ਤੋਂ ਪ੍ਰਾਪਤ ਆਮਦਨ ਨਾਲੋਂ ਪਿਛਲੇ ਸਾਲ ਨਾਲੋਂ 348 ਫ਼ੀਸਦ ਵੱਧ ਹੋਈ। ਉਨ੍ਹਾਂ ਦੱਸਿਆ ਕਿ ਸਾਲ 2019-20 ਲਈ ਠੇਕਿਆਂ ਤੋਂ ਸਾਲਾਨਾ 125 ਕਰੋੜ 97 ਲੱਖ ਰੁਪਏ ਦਾ ਮਾਲੀਆ ਇਕੱਤਰ ਹੋਵੇਗਾ।