Punjab News: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੀਨਾਨਗਰ ਅਨਾਜ ਮੰਡੀ ਦਾ ਦੌਰਾ ਕਰਦਿਆਂ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਇਸ ਖਰੀਦ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ ਲਗਭਗ 8 ਲੱਖ ਕਿਸਾਨਾਂ ਦੀ ਹੋਣ ਵਾਲੀ ਸੰਭਾਵਿਤ ਆਮਦ ਦੇ ਮੱਦੇਨਜ਼ਰ ਸਰਕਾਰ ਵੱਲੋਂ 1854 ਖਰੀਦ ਕੇਂਦਰ ਬਣਾਏ ਗਏ ਹਨ ਅਤੇ ਸਮੁੱਚੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਆਪਣੀ ਜਿਣਸ ਵੇਚਣ ਲਈ ਲਿਆ ਰਹੇ ਕਿਸਾਨਾਂ ਦੀ ਹਰ ਸਹੂਲਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਖਾਸ ਗੱਲ ਇਹ ਹੈ ਕਿ ਜਿਥੇ ਕਿਸਾਨਾਂ ਦੁਆਰਾ ਲਿਆਂਦੀ ਫਸਲ ਦੀ ਨਾਲੋ-ਨਾਲ ਖਰੀਦ ਕਰਕੇ ਮੰਡੀਆਂ ਵਿੱਚੋਂ ਚੁਕਾਈ ਕੀਤੀ ਜਾ ਰਹੀ ਹੈ ਉਥੇ ਹੀ ਖਰੀਦੀ ਫਸਲ ਦੀ ਅਦਾਇਗੀ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੁਣ ਤੱਕ ਕਿਸਾਨਾਂ ਨੂੰ ਖਰੀਦੀ ਫਸਲ ਦੀ ਲਗਭਗ 1500 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਕੀਤੇ ਗਏ ਐਲਾਨ ਮੁਤਾਬਕ ਕਿਸਾਨਾਂ ਨੂੰ ਖਰੀਦੀ ਫਸਲ ਦੀ 24 ਘੰਟਿਆਂ ਦੇ ਅੰਦਰ ਹੀ ਅਦਾਇਗੀ ਹੋ ਰਹੀ ਹੈ।
ਕੈਬਨਿਟ ਮੰਤਰੀ ਨੇ ਦੀਨਾਨਗਰ ਅਨਾਜ ਮੰਡੀ ਵਿਖੇ ਕੀਤੇ ਖਰੀਦ ਪ੍ਰਬੰਧਾਂ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਜ ਦੀਆਂ ਸਾਰੀਆਂ ਹੀ ਅਨਾਜ ਮੰਡੀਆਂ ਵਿੱਚ ਕਿਸਾਨਾਂ, ਮਿੱਲਰਾਂ, ਆੜ੍ਹਤੀਆਂ, ਮਜ਼ਦੂਰਾਂ ਸਮੇਤ ਸਭ ਵਰਗਾਂ ਦੀ ਸਹੂਲਤ ਨੂੰ ਪ੍ਰਮੁੱਖ ਰੱਖਦਿਆਂ ਹਰ ਪ੍ਰਬੰਧ ਕੀਤੇ ਗਏ ਹਨ ਅਤੇ ਮੰਡੀਆਂ ਵਿੱਚ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।
ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸ੍ਰੀ ਸ਼ਮਸ਼ੇਰ ਸਿੰਘ, ਸੈਕਟਰੀ ਮਾਰਕੀਟ ਕਮੇਟੀ ਬਾਜਵਾ, ਤਹਿਸੀਲਦਾਰ ਮਨਜੀਤ ਸਿੰਘ, ਡੀ.ਐੱਫ.ਐੱਸ.ਓ. ਨਵਨੀਤ ਕੌਰ, ਇੰਸਪੈਕਟਰ ਕਿਰਨ ਕੁਮਾਰ, ਵਰਿੰਦਰ ਕੁਮਾਰ, ਐੱਸ.ਡੀ.ਓ ਮੰਡੀ ਬੋਰਡ ਅਸ਼ੋਕ ਕੁਮਾਰ, ਮਨਮੋਹਨ ਸਿੰਘ, ਪਰਦੀਪ ਠਾਕੁਰ, ਰਾਜਿੰਦਰ ਕੁਮਾਰ, ਬਲਦੇਵ ਸਿੰਘ, ਵਤਨ ਸਿੰਘ, ਰਾਜੇਸ਼ ਕੁਮਾਰ, ਗੁਰਨਾਮ ਸਿੰਘ, ਰਾਜ ਕੁਮਾਰ ਆਦਿ ਹਾਜਿਰ ਸਨ।