ਸਮਰਾਲਾ : ਵਿਦੇਸ਼ ਜਾਣ ਦੀ ਇੱਛਾ 'ਚ ਕੁੜੀਆਂ ਨਾਲ ਵਿਆਹ ਕਰਾਉਣ ਮਗਰੋਂ ਜਿੱਥੇ ਠੱਗੀ ਵੱਜਣ ਦੇ ਕੇਸ ਵਧ ਰਹੇ ਹਨ ,ਉਥੇ ਹੀ ਵਿਦੇਸ਼ਾਂ 'ਚ ਬੈਠੀਆਂ ਪਤਨੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਭਾਰਤ ਰਹਿੰਦੇ ਮੁੰਡਿਆਂ ਵੱਲੋਂ ਖੁਦਕੁਸ਼ੀਆਂ ਵੀ ਵਧਣ ਲੱਗ ਗਈਆਂ ਹਨ। ਅਜਿਹਾ ਹੀ ਇੱਕ ਮਾਮਲਾ ਸਮਰਾਲਾ ਦੇ ਪਿੰਡ ਗੋਸਲਾਂ ਤੋਂ ਸਾਮਣੇ ਆਇਆ ਹੈ। ਜਿੱਥੇ ਕੈਨੇਡਾ 'ਚ ਰਹਿੰਦੀ ਪਤਨੀ ਤੋਂ ਦੁਖੀ ਹੋ ਕੇ ਪਤੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੈਨੇਡਾ ਰਹਿੰਦੀ ਪਤਨੀ ਉਹਨਾਂ ਦੇ ਮੁੰਡੇ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ।



ਮ੍ਰਿਤਕ ਗਗਨਦੀਪ ਸਿੰਘ (22) ਦੇ ਪਿਤਾ ਸੋਹਣ ਸਿੰਘ ਨੇ ਦੱਸਿਆ ਕਿ 31 ਮਈ ਨੂੰ ਉਹ ਸਕੂਲ 'ਚੋਂ ਸੇਵਾਮੁਕਤ ਹੋਏ ਸੀ ਤਾਂ ਉਹ ਸਕੂਲ 'ਚ ਕਾਗਜੀ ਕਾਰਵਾਈ ਲਈ ਗਏ ਸੀ। ਮਗਰੋਂ ਉਹਨਾਂ ਦੀ ਨੂੰਹ ਦੇ ਪਿਤਾ ਦਾ ਫੋਨ ਆਇਆ ਕਿ ਗਗਨਦੀਪ ਉਹਨਾਂ ਦਾ ਫੋਨ ਨਹੀਂ ਚੁੱਕ ਰਿਹਾ। ਜਦੋਂ ਉਹਨਾਂ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸਦਾ ਫੋਨ ਵੀ ਗਗਨਦੀਪ ਨੇ ਨਾ ਚੁੱਕਿਆ। ਉਹ ਤੁਰੰਤ ਘਰ ਪਹੁੰਚਿਆ ਤਾਂ ਦੇਖਿਆ ਕਿ ਗਗਨਦੀਪ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਗਗਨਦੀਨ ਨੇ ਇਹ ਖੁਦਕੁਸ਼ੀ ਮੋਬਾਇਲ ਉਪਰ ਆਪਣੀ ਪਤਨੀ ਨਾਲ ਗੱਲਬਾਤ ਮਗਰੋਂ ਕੀਤੀ। 


 

ਸੋਹਣ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮੁੰਡੇ ਦੇ ਵਿਆਹ ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਸੀ। ਹੁਣ ਜੁਲਾਈ 'ਚ ਉਸਦੀ ਫਾਈਲ ਕੈਨੇਡਾ ਲਾਈ ਜਾਣੀ ਸੀ। ਕੈਨੇਡਾ ਰਹਿੰਦੀ ਨੂੰਹ ਉਸਦੇ ਮੁੰਡੇ ਕੋਲੋਂ ਮੋਬਾਇਲ ਤੇ ਹੋਰ ਮੰਗ ਕਰ ਰਹੀ ਸੀ। ਇਸ ਤੋਂ ਦੁਖੀ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਭੈਣ ਕਿਰਨਦੀਪ ਕੌਰ ਅਤੇ ਚਚੇਰੇ ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਸਤੰਬਰ 2021 'ਚ ਗਗਨਦੀਪ ਦੀ ਪਤਨੀ ਸਿਮਰਨਜੀਤ ਕੌਰ ਕੈਨੇਡਾ ਗਈ ਸੀ। ਵਿਆਹ ਤੋਂ ਲੈ ਕੇ ਕੈਨੇਡਾ ਤੱਕ ਦਾ ਸਾਰਾ ਖਰਚ ਉਹਨਾਂ ਵੱਲੋਂ ਕੀਤਾ ਗਿਆ। ਕੈਨੇਡਾ ਜਾ ਕੇ ਵੀ ਸਿਮਰਨਜੀਤ ਕੌਰ ਲਗਾਤਾਰ ਪੈਸਿਆਂ ਦੀ ਮੰਗ ਕਰਦੀ ਰਹੀ। ਜਿਸ ਤੋਂ ਦੁਖੀ ਹੋ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ। 

ਉਥੇ ਹੀ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਸੀ। ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂਕੀਤਾ ਗਿਆ। ਗਗਨਦੀਪ ਦੇ ਪਰਿਵਾਰ ਕੋਲੋਂ ਸਬੂਤ ਮੰਗੇ ਗਏ ਹਨ ਅਤੇ ਮੋਬਾਇਲ ਕਾਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।