Punjab News : ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਇਕਲੌਤੀ ਰੇਤੇ ਦੀ ਖੱਡ ਸ਼ੁਰੂ ਕੀਤੀ ਗਈ ਹੈ, ਜਿਥੇ ਹੁਣ ਕਿਸਾਨਾਂ ਤੇ ਮਜ਼ਦੂਰਾਂ ਨੇ ਧਰਨਾ ਲਾ ਦਿੱਤਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਦਾ ਕਹਿਣਾ ਕਿ ਮਸ਼ੀਨਾਂ ਦੇ ਜ਼ਰੀਏ ਰੇਤਾ ਭਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਰੇਤਾ ਘੱਟ ਭਾਅ ਤੇ ਦਿੱਤਾ ਜਾਣਾ ਚਾਹੀਦਾ ਜੋ ਮਹਿੰਗੇ ਭਾਅ ਉੱਤੇ ਦਿੱਤਾ ਜਾ ਰਿਹਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਰਸਤਾ ਜਾਮ ਕਰ ਦਿੱਤਾ ਹੈ ਅਤੇ ਲੰਬੀਆਂ-ਲੰਬੀਆਂ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਹਨ। ਇਸ ਮੌਕੇ ਪੁਲਿਸ ਤੇ ਵਿਭਾਗ ਦੇ ਅਧਿਕਾਰੀ ਵੀ ਪਹੁੰਚ ਗਏ ਹਨ ਜਿਨ੍ਹਾਂ ਵੱਲੋਂ ਰੇਤੇ ਦੀ ਖੱਡ ਤੇ ਕੰਮ ਬੰਦ ਕਰ ਦਿੱਤਾ ਗਿਆ ਹੈ।
ਬੰਦ ਹੋਇਆ ਰੁਜ਼ਗਾਰ
ਜ਼ਿਕਰਯੋਗ ਹੈ ਕਿ ਰੇਤੇ ਨੂੰ ਲੈ ਕੇ ਅਕਸਰ ਸੂਬਾ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ ਕਿਉਂਕਿ ਰੇਤਾ ਮਿਲਣਾ ਬੰਦ ਹੋਣ ਨਾਲ ਜਿੱਥੇ ਕਈ ਲੋਕਾਂ ਦਾ ਰੁਜ਼ਗਾਰ ਬੰਦ ਹੋਇਆ ਹੈ, ਉੱਥੇ ਇਲਾਕੇ ਦੇ ਵਿਕਾਸ ਕਾਰਜ ਤੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਉਸਾਰੀਆਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ ਪਰ ਹੁਣ ਸਰਕਾਰ ਨੇ ਰੇਤੇ ਦੀ ਸ਼ੁਰੂਆਤ ਕਰ ਦਿੱਤੀ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਇਕਲੌਤੀ ਖੱਡ ਸ਼ੁਰੂ ਕੀਤੀ ਗਈ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੈਂਦੀ ਚੱਕ ਗਰੀਬਾਂ ਸਾਂਦੜ ਰੇਤੇ ਦੀ ਖੱਡ ਦੀ ਸ਼ੁਰੂਆਤ ਹੋਈ ਹੈ ਜਿਸ ਨੂੰ ਮਾਈਨਿੰਗ ਵਿਭਾਗ ਚਲਾ ਰਿਹਾ ਹੈ। ਇੱਥੇ ਰੇਤਾ 9 ਰੁਪਏ 45 ਪੈਸੇ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ। ਹਾਲਾਂਕਿ ਰੇਤੇ ਨੂੰ ਖਰੀਦਣ ਲਈ ਖੱਡ ਦੇ ਆਲੇ-ਦੁਆਲੇ ਦੇ ਪਿੰਡਾਂ ਤੱਕ ਟਰੈਕਟਰ-ਟਰਾਲੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ।
ਕਈ ਥਾਵਾਂ ਤੇ ਪਿੰਡਾਂ ਨੂੰ ਲੱਗਦੀਆਂ ਸੜਕਾਂ ਹੋਈਆਂ ਜਾਮ
ਕਈ ਥਾਵਾਂ ਤੇ ਪਿੰਡਾਂ ਨੂੰ ਲੱਗਦੀਆਂ ਸੜਕਾਂ ਜਾਮ ਵੀ ਹੋ ਚੁੱਕੀਆਂ ਹਨ। ਲੋਕ ਫ਼ਾਜ਼ਿਲਕਾ ਹੀ ਨਹੀਂ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਰੇਤਾ ਖ਼ਰੀਦਣ ਲਈ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿਰਫ਼ 12 ਤੋਂ 1300 ਰੁਪਏ ਵਿੱਚ ਰੇਤੇ ਨਾਲ ਟਰਾਲੀ ਭਰੀ ਜਾ ਰਹੀ ਹੈ।
ਮੌਕੇ 'ਤੇ ਮੌਜੂਦ ਵਿਭਾਗ ਦੇ ਐਸਡੀਓ ਗਿਤੇਸ਼ ਉਪਵੇਜਾ ਨੇ ਦੱਸਿਆ ਕਿ ਬੀੜ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਪਰ ਉਹ ਆਪਣੇ ਹਿਸਾਬ ਨਾਲ ਰੇਤੇ ਦਾ ਕਾਰੋਬਾਰ ਚਲਾ ਰਹੇ ਹਨ। ਜਿੱਥੇ ਲੋੜਵੰਦ ਲੋਕਾਂ ਨੂੰ ਰੇਤਾ ਦਿੱਤਾ ਜਾ ਰਿਹਾ ਹੈ, ਉੱਥੇ ਰੇਤੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਰੇਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ।