ਚੰਡੀਗੜ੍ਹ: ਆਗਾਮੀ ਸੰਗਰੂਰ ਜਿਮਨੀ ਚੋਣ ਲਈ ਪ੍ਰਚਾਰ ਤੇਜ਼ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਬੁੱਧਵਾਰ ਨੂੰ ਸੰਗਰੂਰ ਵਿਖੇ ਰਣਨੀਤੀ ਉਲੀਕਣ ਲਈ ਵਿਧਾਇਕਾਂ ਅਤੇ ਪਾਰਟੀ ਦੇ ਸਥਾਨਕ ਵਰਕਰਾਂ ਨਾਲ ਮੀਟਿੰਗ ਕੀਤੀ।



'ਆਪ' ਦੇ ਗੜ੍ਹ ਮੰਨੇ ਜਾਂਦੇ ਸੰਗਰੂਰ ਤੋਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ 2014 ਅਤੇ 2019 ਵਿੱਚ ਭਾਰੀ ਜਿੱਤ ਹਾਸਿਲ ਕੀਤੀ ਸੀ। ਇਹ ਸੀਟ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਧੂਰੀ ਹਲਕੇ ਤੋਂ ਜਿੱਤ ਕੇ ਮੁੱਖ ਮੰਤਰੀ ਬਣਨ 'ਤੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਖ਼ਾਲੀ ਹੋ ਗਈ ਸੀ।


ਇੱਥੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ-ਭਾਜਪਾ ਦੀ ਕਰਾਰੀ ਹਾਰ ਅਤੇ 'ਆਪ' ਦੇ ਇਤਿਹਾਸਿਕ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਕਾਰਨ ਵਰਕਰਾਂ ਵਿੱਚ ਉਤਸ਼ਾਹ ਹੈ ਕਿ ਉਹ ਇੱਕ ਵਾਰ ਫਿਰ ਸੰਗਰੂਰ ਸੀਟ 'ਤੇ ਜਿੱਤ ਹਾਸਲ ਕਰਨਗੇ।



ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕਈ ਲੋਕ ਪੱਖੀ ਫ਼ੈਸਲੇ ਕੀਤੇ ਹਨ।
'ਆਪ' ਵਰਕਰਾਂ ਨੂੰ ਗੁਰਮੇਲ ਸਿੰਘ ਦੀ ਜਿੱਤ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ ਲਈ ਆਖਦਿਆਂ ਪੰਜਾਬ-ਇੰਚਾਰਜ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ 'ਆਪ' ਇਸ ਸੰਸਦੀ ਸੀਟ 'ਤੇ ਮੁੜ ਵੱਡੀ ਜਿੱਤ ਦਰਜ ਕਰੇਗੀ।



ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਪੜ੍ਹੇ-ਲਿਖੇ ਉਮੀਦਵਾਰ ਗੁਰਮੇਲ ਸਿੰਘ ਨੇ ਕਿਹਾ ਕਿ ਉਹ ਇਸ ਸੀਟ ਤੋਂ ਜਿੱਤ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਸੰਗਰੂਰ ਵਾਸੀਆਂ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਨਗੇ।



ਗੁਰਮੇਲ ਸਿੰਘ ਦੇ ਕੰਮ ਦੀ ਤਾਰੀਫ਼ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਨੇ ਜ਼ਮੀਨ ਨਾਲ ਜੁੜੇ ਇੱਕ ਆਮ ਅਤੇ ਮਿਹਨਤੀ ਆਗੂ ਨੂੰ ਉਮੀਦਵਾਰ ਚੁਣਿਆ।
ਗੁਰਮੇਲ ਸਿੰਘ ਨੇ ਗਣਿਤ ਵਿੱਚ ਪੋਸਟ-ਗ੍ਰੈਜੂਏਟ ਅਤੇ ਐੱਮ.ਬੀ.ਏ ਦੀ ਪੜ੍ਹਾਈ ਕੀਤੀ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਅਧਿਆਪਕ ਅਤੇ ਵਾਤਾਵਰਨ ਪ੍ਰੇਮੀ ਵੱਜੋਂ ਲਗਾਤਾਰ ਸੰਗਰੂਰ ਦੇ ਲੋਕਾਂ ਦੀ ਸੇਵਾ ਨਾਲ ਜੁੜੇ ਰਹੇ ਹਨ।



ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਨੂੰ ਪਾਰਟੀ ਵੱਲੋਂ 2015 ਵਿੱਚ ਬਤੌਰ ਭਵਾਨੀਗੜ੍ਹ ਬਲਾਕ ਪ੍ਰਧਾਨ ਸੇਵਾ ਮਿਲੀ ਸੀ। ਇਸ ਤੋਂ ਬਾਅਦ 2018 ਵਿੱਚ ਉਹ ਘਰਾਚੋਂ ਤੋਂ ਸਰਪੰਚ ਚੁਣੇ ਗਏ ਅਤੇ 2021 'ਚ ਪਾਰਟੀ ਵੱਲੋਂ ਉਨ੍ਹਾਂ ਨੂੰ ਸੰਗਰੂਰ ਜ਼ਿਲ੍ਹੇ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ।



ਮੀਟਿੰਗ ਵਿੱਚ ਸੰਗਰੂਰ ਤੋਂ ਉਪ ਚੋਣ ਦੇ ਉਮੀਦਵਾਰ ਗੁਰਮੇਲ ਸਿੰਘ, ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਲਾਭ ਸਿੰਘ ਉਗੋਕੇ, ਨਰਿੰਦਰ ਕੌਰ ਭਰਾਜ, ਅਮਨ ਅਰੋੜਾ, ਬਰਿੰਦਰ ਕੁਮਾਰ ਗੋਇਲ, ਮੁਹੰਮਦ ਜਮੀਲ ਉਰ ਰਹਿਮਾਨ ਅਤੇ ਸੰਗਰੂਰ ਦੇ ਬਲਾਕ ਪ੍ਰਧਾਨਾਂ ਸਮੇਤ ਹੋਰ ਅਹੁਦੇਦਾਰ ਹਾਜਰ ਸਨ।