Sangrur youth stranded in Ukraine sends video to describe situation in the country, protests in Jalandhar to expel Indians from ukraine


ਸੰਗਰੂਰ/ਜਲੰਧਰ: ਰੂਸ ਤੇ ਯੂਕਰੇਨ ਦੇ ਜੰਗੀ ਹਾਲਾਤ ਕਰਕੇ ਜਿੱਥੇ ਹਰ ਪਾਸੇ ਤਣਾਅ ਦਾ ਮਾਹੌਲ ਹੈ, ਉਸ ਦੇ ਨਾਲ ਹੀ ਭਾਰਤੀਆਂ ਦੇ ਇਨ੍ਹਾਂ ਹਾਲਾਤ 'ਚ ਫਸੇ ਹੋਣ ਕਰਕੇ ਵੀ ਉਨ੍ਹਾਂ ਦੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਕਾਫੀ ਪ੍ਰੇਸ਼ਾਨ ਹਨ। ਅਜਿਹੇ 'ਚ ਹਰ ਰੋਜ਼ ਯੂਕਰੇਨ ਤੋਂ ਭਾਰਤੀ ਆਪਣੇ ਹਾਲਾਤ ਬਾਰੇ ਪਰਿਵਾਰਾਂ ਤੇ ਸਰਕਾਰ ਨੂੰ ਜਾਣੂ ਕਰਵਾਉਣ ਲਈ ਵੀਡੀਓ ਜਾਂ ਤਸਵੀਰਾਂ ਭੇਜਦੇ ਰਹਿੰਦੇ ਹਨ।


ਹੁਣ ਅਜਿਹੀ ਹੀ ਇੱਕ ਤਾਜ਼ਾ ਵੀਡੀਓ ਯੂਕਰੇਨ ਵਿੱਚ ਫਸੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੁਟਾਲ ਕਲਾਂ ਦੇ ਬਲਜਿੰਦਰ ਸਿੰਘ ਨੇ ਆਪਣੇ ਪਰਿਵਾਰ ਨੂੰ ਭੇਜ ਕੇ ਤਾਜ਼ਾ ਹਾਲਾਤ ਬਾਰੇ ਦੱਸਿਆ ਹੈ। ਦੱਸ ਦਈਏ ਕਿ ਪਿੰਡ ਭੁਟਾਲ ਕਲਾਂ ਦਾ ਬਲਜਿੰਦਰ ਸਿੰਘ ਯੂਕਰੇਨ ਦੇ ਬਿਲਾਤਰੀਸਕਾ ਸ਼ਹਿਰ 'ਚ ਫਸਿਆ ਹੋਇਆ ਹੈ ਜਿਸ ਕਾਰਨ ਉਸ ਦਾ ਪੂਰਾ ਪਰਿਵਾਰ ਪ੍ਰੇਸ਼ਾਨ ਹੈ।


ਇਸ ਸਬੰਧੀ ਉਸ ਦੇ ਭਰਾ ਹਰਵਿੰਦਰ ਸਿੰਘ ਦੱਸਿਆ ਕਿ ਉਸ ਦਾ ਭਰਾ ਯੂਕਰੇਨ ਵਿੱਚ ਪੜ੍ਹਦਾ ਸੀ ਜੋ ਯੂਕਰੇਨ ਦੇ ਬਿਲਾਤਰੀਸਕਾ ਸ਼ਹਿਰ ਵਿੱਚ ਲੈਂਗੂਏਜ ਦੀ ਸਿੱਖਿਆ ਹਾਸਲ ਕਰ ਰਿਹਾ ਸੀ। ਹਰਵਿੰਦਰ ਨੇ ਦੱਸਿਆ ਕਿ ਉਹ ਡੇਢ ਮਹੀਨੇ ਪਹਿਲਾਂ ਹੀ 3 ਜਨਵਰੀ, 2022 ਨੂੰ ਯੂਕਰੇਨ ਗਿਆ ਤੇ ਉੱਥੇ ਦੀ ਇੰਟਰਨੈਸ਼ਨਲ ਯੂਰਪੀਅਨ ਯੂਨੀਵਰਸਿਟੀ ਵਿੱਚ Language ਦੀ ਸਿੱਖਿਆ ਲੈ ਰਿਹਾ ਸੀ ਪਰ ਹੁਣ ਯੂਕਰੇਨ ਤੇ ਰੂਸ ਵਿਚਾਲੇ ਜੰਗ ਚੱਲ ਰਹੀ ਹੈ। ਇਸ ਕਾਰਨ ਉਸ ਦਾ ਪੂਰਾ ਪਰਿਵਾਰ ਪ੍ਰੇਸ਼ਾਨ ਹੈ।


ਬਲਜਿੰਦਰ ਲਗਾਤਾਰ ਆਪਣੇ ਪਰਿਵਾਰ ਨਾਲ ਗੱਲਬਾਤ ਕਰ ਰਿਹਾ ਹੈ ਤੇ ਉਸ ਦਾ ਕਹਿਣਾ ਹੈ ਕਿ ਇੱਥੋਂ ਦੇ ਹਾਲਾਤ ਬਹੁਤ ਖ਼ਰਾਬ ਹਨ। ਹੁਣ ਉਹ ਰੂਸ ਨਾਲ ਯੂਕਰੇਨ ਦੀ ਲੜਾਈ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਅੰਤਰਰਾਸ਼ਟਰੀ ਉਡਾਣਾਂ ਰੱਦ ਹੋਣ ਕਾਰਨ ਉਥੋਂ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਉਸ ਨੇ ਭਾਰਤੀ ਦੂਤਾਵਾਸ ਨਾਲ ਗੱਲ ਕੀਤੀ ਹੈ ਜੋ ਉਸ ਨੂੰ ਉਥੋਂ ਕੱਢ ਕੇ ਕਿਸੇ ਹੋਰ ਦੇਸ਼ ਦੀ ਸਰਹੱਦ ’ਤੇ ਲੈ ਜਾਵੇਗੀ। ਹੋਰਨਾਂ ਲੋਕਾਂ ਵਾਂਗ ਬਲਜਿੰਦਰ ਦੇ ਪਰਿਵਾਰ ਨੇ ਵੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਭਾਰਤੀ ਵਿਦਿਆਰਥੀ ਯੂਕਰੇਨ ਦੇ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।


ਜਲੰਧਰ 'ਚ ਕੀਤਾ ਗਿਆ ਪ੍ਰਦਰਸ਼ਨ


ਉਧਰ, ਦੂਜੇ ਜਲੰਧਰ ਵਿਚ ਵੀ ਅਜਿਹੇ ਕਈ ਪਰਿਵਾਰ ਹਨ ਜੋ ਇਨ੍ਹਾਂ ਹਾਲਾਤਾਂ ਵਿੱਚ ਇਸ ਚਿੰਤਾ ਵਿੱਚ ਹਨ ਕਿ ਕਿਸੇ ਤਰ੍ਹਾਂ ਉਨ੍ਹਾਂ ਦੇ ਬੱਚੇ ਯੂਕਰੇਨ ਤੋਂ ਸਹੀ ਸਲਾਮਤ ਵਾਪਸ ਆਪਣੇ ਘਰ ਆ ਜਾਣ। ਇਸੇ ਦੇ ਚੱਲਦੇ ਜਲੰਧਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਜਲੰਧਰ ਵਿਖੇ ਦੇਸ਼ਭਗਤ ਯਾਦਗਾਰ ਹਾਲ ਵਿੱਚ ਇਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਉਨ੍ਹਾਂ ਲੋਕਾਂ ਲਈ ਕੀਤਾ ਗਿਆ ਜੋ ਇਸ ਵੇਲੇ ਯੂਕਰੇਨ ਵਿੱਚ ਫਸੇ ਹੋਏ ਹਨ।


ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਮੈਂ ਕਿਹਾ ਕਿ ਰੂਸ ਤੇ ਯੂਕਰੇਨ ਵਿੱਚ ਜੰਗ ਨਾਲ ਯੂਕਰੇਨ ਦੇ ਹਾਲਾਤ ਦਿਨ--ਦਿਨ ਵਿਗੜਦੇ ਜਾ ਰਹੇ ਹਨ। ਇਸ ਦੇ ਚੱਲਦੇ ਭਾਰਤੀ ਵਿਦਿਆਰਥੀਆਂ ਲਈ ਵੀ ਜਾਨ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਬਾਬਤ ਜਲਦ ਤੋਂ ਜਲਦ ਐਕਸ਼ਨ ਲੈਂਦੇ ਹੋਏ ਆਪਣੇ ਦੇਸ਼ ਵਾਸੀਆਂ ਨੂੰ ਜਲਦ ਤੋਂ ਜਲਦ ਉੱਥੋਂ ਕੱਢਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨ ਕਰਨ ਲਈ ਆਈਆਂ ਵਿਦਿਆਰਥਣਾਂ ਨੇ ਵੀ ਸਰਕਾਰ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਯੂਕਰੇਨ ਤੋਂ ਵਾਪਸ ਬੁਲਾਉਣ ਦੀ ਗੱਲ ਕਹੀ।


ਇਹ ਵੀ ਪੜ੍ਹੋ: ਹੁਣ ਮੀਕਾ ਸਿੰਘ ਦਾ ਹੋਏਗਾ ਸਵੰਬਰ, ਇਸ ਤਰ੍ਹਾਂ ਲੱਭਣਗੇ ਆਪਣੀ ਦੁਲਹਨ