ਲੁਧਿਆਣਾ:  ਰਾਜ ਸਭਾ ਮੈਂਬਰ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸੀਨੀਅਰ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਮੰਗਲਵਾਰ ਨੂੰ ਲੁਧਿਆਣਾ ਪਹੁੰਚੇ। ਉਨ੍ਹਾਂ ਇੱਥੇ ਬੱਚਤ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਅਧਿਕਾਰੀਆਂ ਨਾਲ ਜ਼ਿਲ੍ਹਾ ਵਾਤਾਵਰਣ ਯੋਜਨਾ ਦਾ ਜਾਇਜ਼ਾ ਲਿਆ। 


ਸੀਚੇਵਾਲ ਸਭ ਤੋਂ ਪਹਿਲਾਂ ਬੁੱਢਾ ਨਿਗਮ ਅਧਿਕਾਰੀਆਂ ਨਾਲ ਦਰਿਆ ਦੀ ਹਾਲਤ ਦੇਖਣ ਲਈ ਨਿਕਲੇ। ਸਭ ਤੋਂ ਪਹਿਲਾਂ ਉਨ੍ਹਾਂ ਗੋਘਾਟ ਨੇੜੇ ਬੁੱਢਾ ਨਦੀ ਦੀ ਹਾਲਤ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਜਮਾਲਪੁਰ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਦੇਖਣ ਲਈ ਸਾਰੇ ਅਧਿਕਾਰੀ ਪਹੁੰਚ ਗਏ। ਇੱਥੇ ਉਹ ਬੰਦ ਕਮਰੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸੀ। ਉਨ੍ਹਾਂ ਦੇ ਜਮਾਲਪੁਰ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ‘ਆਪ’ ਵਿਧਾਇਕ ਦਲਜੀਤ ਭੋਲਾ ਗਰੇਵਾਲ ਆਪਣੇ ਸਮਰਥਕਾਂ ਸਮੇਤ ਸੰਤ ਸੀਚੇਵਾਲ ਪੁੱਜੇ।


ਕਾਰਪੋਰੇਸ਼ਨ ਦੀ O&M ਸ਼ਾਖਾ ਦੇ ਅਧਿਕਾਰੀਆਂ ਨੇ ਬੁੱਢਾ ਨਦੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ 650 ਕਰੋੜ ਰੁਪਏ ਦੀ ਚੱਲ ਰਹੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਪਰ ਚੱਲ ਰਹੇ ਕੰਮ ਤੋਂ ਸੰਤ ਸੀਚੇਵਾਲ ਨਾਖੁਸ਼ ਜਾਪਦੇ ਹਨ। ਬੁੱਢਾ ਨਦੀ ਦੇ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਅੰਦਰੋਂ ਅੰਦਰੀ ਕਾਫੀ ਬਹਿਸ ਚੱਲੀ।


ਇਸਦੇ ਨਾਲ ਹੀ ਇੱਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਪਹੁੰਚੇ। ਮੀਤ ਹੇਅਰ ਨੇ ਦੱਸਿਆ ਕਿ ਬੀਤੇ ਦਿਨੀਂ ਖ਼ਬਰ ਮਿਲੀ ਸੀ ਕਿ ਗੰਦੇ ਪਾਣੀ ਕਾਰਨ ਬੁੱਢਾ ਦਰਿਆ 'ਚ ਮੱਛੀਆਂ ਮਰ ਗਈਆਂ ਸੀ।ਇਸ ਲਈ ਉਨ੍ਹਾਂ ਨੇ ਲੋਕਲ ਬਾਡੀਜ਼ ਨਾਲ ਰਿਵਿਊ ਮੀਟਿੰਗ ਕੀਤੀ ਹੈ ਤਾਂ ਜੋ ਇਸ ਦਾ ਹੱਲ ਲਭਿਆ ਜਾ ਸਕੇ।ਮੀਤ ਹੇਅਰ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਸਰਕਾਰ ਸਾਫ ਵਾਤਾਵਰਣ ਦੇਣ ਲਈ ਵਚਨਬਧ ਹੈ।ਉਨ੍ਗਾਂ ਕਿਹਾ ਮੁੱਖ ਮੰਤਰੀ ਮਾਨ ਨੇ ਵਾਤਾਵਰਣ ਨੂੰ ਧਿਆਨ 'ਚ ਰੱਖਦੇ ਹੋਏ ਮੱਤੇਵਾੜਾ ਜੰਗਲਾਂ ਨੇੜੇ ਟੈਕਸਟਾਈਲ ਪਾਰਕ ਦਾ ਫੈਸਲਾ ਵੀ ਰੱਦ ਕੀਤਾ।


ਇਸ ਸਮੇਂ ਪੰਜਾਬ ਮਿਉਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਸੀਈਓ ਈਸ਼ਾ ਕਾਲੀਆ, ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ, ਡੀਸੀ ਸੁਰਭੀ ਮਲਿਕ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।