ਬਠਿੰਡਾ: ਪ੍ਰਦੂਸ਼ਣ ਤੇ ਸੰਘਣੀ ਧੁੰਦ ਕਾਰਨ ਸਕੂਲੀ ਬੱਚਿਆਂ ਦੀ ਸੁਰੱਖਿਆ ਦਾ ਖ਼ਿਆਲ ਕਰਦਿਆਂ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਐਤਵਾਰ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਹੀਂ ਜਾਪਦੀ।
ਅੱਜ ਸਵੇਰੇ ਅਕਾਲ ਅਕੈਡਮੀ ਤਲਵੰਡੀ ਸਾਬੋ ਦੀ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਟ੍ਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਦੁਰਘਟਨਾ ਵਿੱਚ 2 ਸਕੂਲੀ ਬੱਚਿਆਂ ਸਮੇਤ ਕੁੱਲ 7 ਜਣੇ ਜ਼ਖ਼ਮੀ ਹੋ ਗਏ। ਦੁਰਘਟਨਾ ਵਿੱਚ ਤਿੰਨ ਔਰਤਾਂ ਵੀ ਜ਼ਖ਼ਮੀ ਹੋ ਗਈਆਂ।
ਔਰਤਾਂ ਨੇ ਦੱਸਿਆ ਕਿ ਉਹ ਟਰੈਕਟਰ 'ਤੇ ਸਵਾਰ ਹੋ ਕੇ ਖੇਤਾਂ ਵਿੱਚ ਨਰਮਾ ਚੁਗਣ ਲਈ ਜਾ ਰਹੀਆਂ ਸਨ। ਉਨ੍ਹਾਂ ਦੀ ਸਕੂਲ ਬੱਸ ਨਾਲ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਟੱਕਰ ਕਾਰਨ ਦੋ ਬੱਚੇ ਤੇ ਦੋ ਔਰਤਾਂ ਫੱਟੜ ਹੋ ਗਈਆਂ ਹਨ।
ਇਸ ਸਬੰਧੀ ਸਕੂਲ ਦਾ ਪੱਖ ਜਾਣਨ ਲਈ ਜਦੋਂ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ। ਦੱਸਣਾ ਬਣਦਾ ਹੈ ਕਿ ਵੈਨ ਵਿੱਚ ਪਹਿਲਾਂ ਤੋਂ ਲੱਗੀਆਂ ਸੀਟਾਂ ਦੇ ਨਾਲ-ਨਾਲ ਕੁਝ ਹੋਰ ਵੱਖਰੀਆਂ ਸੀਟਾਂ ਵੀ ਲਾਈਆਂ ਹੋਈਆਂ ਹਨ ਤਾਂ ਜੋ ਜ਼ਿਆਦਾ ਵਿਦਿਆਰਥੀ ਬਿਠਾਏ ਜਾ ਸਕਣ।