ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਰਾਜ 'ਚ ਬੀਤੇ ਦਿਨੀਂ ਮਿੱਥ ਕੇ ਹੋਈਆਂ ਚਰਚਿਤ ਹੱਤਿਆਵਾਂ ਦੇ ਕੇਸ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਸੀ। ਉੱਥੇ ਹੀ ਇਨ੍ਹਾਂ ਮਾਮਲਿਆਂ ਵਿੱਚ ਲੋੜੀਂਦਾ ਇੱਕ ਹੋਰ ਮੁਲਜ਼ਮ ਸ਼ੇਰਾ ਦੀ ਅੱਜ ਸਵੇਰੇ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਨੇ ਸਰਹਿੰਦ ਨੇੜੇ ਗ੍ਰਿਫ਼ਤਾਰੀ ਕੀਤੀ ਹੈ। ਪੁਲਿਸ ਨੇ ਇਟਲੀ ਤੋਂ ਆਏ ਸ਼ੇਰਾ ਕੋਲੋਂ ਗੋਲੀਆਂ ਨਾਲ ਭਰੀ ਰਿਵਾਲਵਰ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ।


ਜ਼ਿਕਰਯੋਗ ਹੈ ਕਿ ਸੱਤ ਨਵੰਬਰ ਨੂੰ ਪੰਜਾਬ ਭਵਨ ਵਿੱਚ ਇੱਕ ਭਰਵੀਂ ਪ੍ਰੈੱਸ ਕਾਨਫ਼ਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਘਟਨਾਵਾਂ ਨਾਲ ਸਬੰਧਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਮੁੱਖ ਮੰਤਰੀ ਨੇ ਇਸ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਹੱਥ ਦੱਸਿਆ ਸੀ। ਕੈਪਟਨ ਨੇ ਕਿਹਾ ਸੀ ਕਿ ਆਈ.ਐਸ.ਆਈ. ਨੇ ਵਿਦੇਸ਼ੀ ਧਰਤੀ ਤੋਂ ਇਨ੍ਹਾਂ ਕਤਲਾਂ ਦੀ ਯੋਜਨਾ ਪੰਜਾਬ ਦਾ ਮਾਹੌਲ ਖ਼ਰਾਬ ਕਰਵਾਉਣ ਵਾਸਤੇ ਉਲੀਕੀ ਸੀ।

ਕੈਪਟਨ ਨੇ ਕਿਹਾ ਸੀ ਕਿ ਅਮਿਤ ਅਰੋੜਾ, ਜਗਦੀਸ਼ ਗਗਨੇਜਾ, ਅਮਿਤ ਸ਼ਰਮਾ, ਸੱਤਪਾਲ ਕੁਮਾਰ, ਸੁਲਤਾਨ ਮਸੀਹ, ਰਵਿੰਦਰ ਗੋਸਾਈਂ ਦੇ ਕਤਲ ਦੀ ਵਾਰਦਾਤ ਪਿੱਛੇ ਉਕਤ ਗਰੋਹ ਹੀ ਸਰਗਰਮ ਰਿਹਾ। ਉਨ੍ਹਾਂ ਦੱਸਿਆ ਸੀ ਕਿ ਇੱਕ ਮੋਬਾਈਲ ਐਪ ਦੀ ਵਰਤੋਂ ਕਰਦਿਆਂ ਆਪਸ ਵਿੱਚ ਸੰਪਰਕ ਰੱਖਦੇ ਸਨ।