ਚੰਡੀਗੜ੍ਹ: ਖ਼ਾਲਿਸਤਾਨ ਦੀ ਮੰਗ ਗ਼ੈਰ ਕਨੂੰਨੀ ਨਹੀਂ ਹੈ।ਕੋਰੀਆ, ਇੰਗਲੈਂਡ ਤੇ ਫਰਾਂਸ, ਸਪੇਨ 'ਚ ਵੀ ਲੋਕ ਅਜ਼ਾਦੀ ਦੀ ਮੰਗ ਕਰ ਰਹੇ ਨੇ। ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਕਹੀ ਹੈ।
ਬਡੂੰਗਰ ਨੇ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਵੀ ਮੰਨਦੀ ਹੈ ਕਿ ਖਾਲਿਸਤਾਨ ਵਿਚਾਰਧਾਰਾ ਨਾਲ ਸਹਿਮਤ ਹੋਣਾ ਕੋਈ ਜ਼ੁਰਮ ਨਹੀਂ ਹੈ। ਉਨ੍ਹਾਂ ਕਿਹਾ ਕਹਿਣਾ ਹੈ ਕਿ ਜਮਹੂਰੀਅਤ 'ਚ ਆਪਣੀ ਗੱਲ ਕਹਿਣ ਦਾ ਹੱਕ ਸਭ ਨੂੰ ਹੈ।
ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਿਰਫ਼  ਬਡੂੰਗਰ ਦੇ ਮੂੰਹ ਚੋਂ ਨਿੱਕਲੇ ਸ਼ਬਦ ਨਹੀਂ ਇਹ ਤਾਂ ਵਾਇਆ ਸ਼੍ਰੋਮਣੀ ਕਮੇਟੀ ਅਕਾਲੀ ਦਲ ਬਾਦਲ ਦੀ ਰਣਨੀਤੀ ਹੈ। ਜੋ ਮੁੜ ਤੋਂ ਆਪਣੇ ਖੋਏ ਅਧਾਰ ਨੂੰ ਹਾਸਲ ਕਰਨ ਲਈ ਸਿੱਖ ਵੋਟਰਾਂ ਵੱਲ ਪਰਤਣਾ ਚਾਹੁੰਦੀ ਹੈ ਅਤੇ ਰੁਸੇ ਤੇ ਟੁੱਟੇ ਗਰਮ ਖਿਆਲੀ ਸਿੱਖ ਆਗੂਆਂ ਤੇ ਧਿਰਾਂ ਨੂੰ ਵੀ ਫਿਰ ਤੋਂ ਆਪਣੇ ਝੰਡੇ ਥੱਲੇ ਲਿਆਉਣਾ ਚਾਹੁੰਦੀ ਹੈ। ਪ੍ਰੋ: ਬਡੂੰਗਰ ਦੇ ਖ਼ਾਲਿਸਤਾਨ ਦੇ ਪੱਖ 'ਚ ਮਾਰੇ ਹਾਂ ਦੇ ਨਾਅਰੇ ਦਾ ਅਸਰ ਸ਼੍ਰੋਮਣੀ ਕਮੇਟੀ ਦੇ 29 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ 'ਚ ਵੀ ਵੇਖਣ ਨੂੰ ਮਿਲ ਸਕਦਾ ਹੈ।