ਜਲੰਧਰ: ਅੰਮ੍ਰਿਤਸਰ ਰੋਡ 'ਤੇ ਵਿਧੀਪੁਰ ਫਾਟਕ ਦੇ ਨਜ਼ਦੀਕ ਵੀਰਵਾਰ ਸਵੇਰੇ ਧੁੰਦ ਕਾਰਨ ਹਾਦਸਾ ਹੋ ਗਿਆ। ਇੱਕ ਤੇਜ਼ ਰਫਤਾਰ ਬੱਸ ਆਲੂਆਂ ਨਾਲ ਭਰੇ ਟਰੱਕ 'ਚ ਜਾ ਵੱਜੀ। ਹਾਦਸੇ 'ਚ ਇੱਕ ਦੀ ਮੌਤ ਹੋ ਗਈ ਹੈ ਜਦਕਿ ਦਰਜਨ ਤੋਂ ਜ਼ਿਆਦਾ ਬਸ ਦੀਆਂ ਸਵਾਰੀਆਂ ਜ਼ਖਮੀ ਹਨ। ਇਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।


ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਤੋਂ ਬੱਸ ਸ਼ਰਧਾਲੂਆਂ ਨੂੰ ਲੈ ਕੇ ਅੰਮ੍ਰਿਤਸਰ ਵੱਲ ਜਾ ਰਹੀ ਸੀ। ਜਲੰਧਰ ਦੇ ਵਿਧੀਪੁਰ ਫਾਟਕ ਨੇੜੇ ਇੱਕ ਆਲੂਆਂ ਦਾ ਟਰੱਕ ਮੋੜ ਕੱਟ ਰਿਹਾ ਸੀ। ਬੱਸ ਦੇ ਡਰਾਈਵਰ ਨੂੰ ਧੁੰਦ 'ਚ ਟਰੱਕ ਨਜ਼ਰ ਨਹੀਂ ਆਇਆ ਤੇ ਬੱਸ ਟਰੱਕ 'ਚ ਜਾ ਵੱਜੀ।

ਥਾਣਾ ਮਕਸੂਦਾਂ ਦੇ ਐਸ.ਐਚ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਟਰੱਕ ਦੇ ਕਲੀਨਰ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਸੀ। ਉਨ੍ਹਾਂ ਦੀ ਹਾਲਤ ਠੀਕ ਹੈ।