ਚੰਡੀਗੜ੍ਹ: ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਪੁਲੀਸ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਸਰਗਰਮ ਹੋ ਗਈ ਹੈ। ਜਨਤਕ ਥਾਵਾਂ 'ਤੇ ਗੈਂਗਸਟਰਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਡੀਜੀਪੀ ਸੁਰੇਸ਼ ਅਰੋੜਾ ਬੀਤੇ ਦਿਨੀਂ ਹਿੰਦੂ ਆਗੂ ਵਿਪਨ ਸ਼ਰਮਾ ਦੇ ਕਤਲ ਮਾਮਲੇ ਦੀ ਜਾਂਚ ਲਈ ਇੱਥੇ ਆਏ ਸਨ। ਉਨ੍ਹਾਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਖ਼ਤ ਹਦਾਇਤਾਂ ਵੀ ਦਿੱਤੀਆਂ।  ਅਰੋੜਾ ਨੇ ਦੋ ਗੈਂਗਸਟਰਾਂ ਕੋਲੋਂ ਪੁੱਛ-ਪੜਤਾਲ ਵੀ ਕੀਤੀ ਸੀ। ਇਸ ਤੋਂ ਬਾਅਦ ਦਿਹਾਤੀ ਪੁਲੀਸ ਨੇ ਵੱਖ ਵੱਖ ਥਾਵਾਂ 'ਤੇ 14 ਗੈਂਗਸਟਰਾਂ ਦੀਆਂ ਤਸਵੀਰਾਂ  ਲਾ ਦਿੱਤੀਆਂ ਹਨ। ਇਹ ਤਸਵੀਰਾਂ ਟੌਲ ਪਲਾਜ਼ਾ ਅਤੇ ਏਟੀਐਮਜ਼ ਸਮੇਤ ਹੋਰ ਥਾਵਾਂ 'ਤੇ ਲਾਈਆਂ ਗਈਆਂ ਹਨ। ਐਸਐਸਪੀ ਪਰਮਪਾਲ ਸਿੰਘ ਨੇ ਦੱਸਿਆ ਕਿ 14 ਗੈਂਗਸਟਰਾਂ ਦੀਆਂ ਤਸਵੀਰਾਂ ਦਿਹਾਤੀ ਇਲਾਕੇ ਵਿੱਚ ਵੱਖ ਵੱਖ ਥਾਵਾਂ 'ਤੇ ਲਾਈਆਂ ਗਈਆਂ ਹਨ।


ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਜਿਹੜੇ ਗੈਂਗਸਟਰਾਂ ਦੀਆਂ ਤਸਵੀਰਾਂ ਲਾਈਆਂ ਹਨ, ਉਨ੍ਹਾਂ ਵਿੱਚ ਵਿੱਕੀ ਗੌਂਡਰ, ਗੋਪੀ ਘਣਸ਼ਾਮਪੁਰ, ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ, ਆਕਾਸ਼ ਨੰਦੇੜ, ਦਿਲਪ੍ਰੀਤ ਸਿੰਘ, ਸੁਖ ਭਿਖਾਰੀਵਾਲ, ਰਿੰਦਾ ਸਰਹਾਲੀ, ਗੋਪੀ ਕੌੜਾ, ਗਗਨਾ ਹਤੂੜ, ਜੈਪਾਲ ਫਿਰੋਜ਼ਪੁਰ, ਸ਼ੁਭਮ ਸਿੰਘ, ਸਾਰਜ ਸਿੰਘ ਉਰਫ ਮਿੰਟੂ ਤੇ ਪ੍ਰੇਮਾ ਲਾਹੋਰੀਆ ਸ਼ਾਮਲ ਹਨ। ਇਸ ਦੌਰਾਨ ਸ਼ਹਿਰੀ ਪੁਲੀਸ ਨੇ ਵਿਪਨ ਸ਼ਰਮਾ ਕਤਲ ਕੇਸ ਵਿੱਚ ਗੈਂਗਸਟਰ ਸਾਰਜ ਸਿੰਘ ਮਿੰਟੂ, ਸ਼ੁਭਮ, ਧਰਮਿੰਦਰ ਸਿੰਘ ਉਰਫ ਗੋਲੀ ਕਾਜੀਕੋਟ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਨੇ ਮਿੰਟੂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਦਿਆਂ ਉਸ ਦੀ ਮਾਂ ਸੁਖਰਾਜ ਕੌਰ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਹੈ।

ਉਸ 'ਤੇ ਮਿੰਟੂ ਨੂੰ ਸ਼ਰਨ ਦੇਣ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਪੁਲੀਸ ਕਮਿਸ਼ਨਰ ਐੱਸ ਐੱਸ ਸ੍ਰੀਵਾਸਤਵ ਨੇ ਦੱਸਿਆ ਕਿ ਵਿਪਨ ਹੱਤਿਆ ਕਾਂਡ ਵਿੱਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਵਾਂ 'ਤੇ ਛਾਪੇ ਮਾਰੇ ਜਾ ਰਹੇ ਹਨ।