ਪੜਚੋਲ ਕਰੋ
ਦੇਸ਼ ਲਈ ਜਾਨ ਵਾਰਨ ਵਾਲੇ ਮਨਦੀਪ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ

ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸਿਪਾਹੀ ਮਨਦੀਪ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਸ਼ਹੀਦ ਮਨਦੀਪ ਸਿੰਘ ਦਾ ਬਟਾਲਾ ਦੇ ਪਿੰਡ ਚਾਹਲ 'ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ਮੌਕੇ ਪਰਿਵਾਰ ਹੀ ਨਹੀਂ ਪੂਰਾ ਪਿੰਡ ਵਿੱਚ ਸੋਗ ਦੀ ਲਹਿਰ ਸੀ। ਦੂਰੋਂ ਦੂਰੋਂ ਰਿਸ਼ਤੇਦਾਰ ਸ਼ਹੀਦ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ। ਮਨਦੀਪ ਦੇ ਪਿਤਾ ਨੇ ਕਿਹਾ ਪੁੱਤਰ ਦੀ ਕੁਰਬਾਨੀ 'ਤੇ ਮਾਣ ਹੈ। ਉਸ ਦੇ ਪਿਤਾ ਨੇ ਕਿਸਮਤ ਨਾਲ ਗਿਲਾਂ ਕਰਦਿਆਂ ਕਿਹਾ ਕਿ ਮਨਦੀਪ ਦੀ ਸ਼ਹੀਦੀ ਨਾਲ ਉਸ ਦੇ ਨੰਨ੍ਹੇ ਪੋਤਰੇ-ਪੋਤਰੀਆਂ ਦੀਆਂ ਰੀਝਾਂ ਵੀ ਅਧੂਰੀਆਂ ਰਹਿ ਗਈਆਂ। ਦੇਸ਼ ਲਈ ਸ਼ਹਾਦਤ ਦੇਣ ਵਾਲੇ ਮਨਦੀਪ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਸਦਾ ਆਪਣੀ ਡਿਊਟੀ ਨੂੰ ਪਹਿਲ ਦਿੱਤੀ। ਉਨ੍ਹਾਂ ਦੇ ਜਾਣ ਪਿੱਛੋਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜ਼ਿਕਰਯੋਗ ਹੈ ਕਿ 32 ਸਾਲ ਦਾ ਸ਼ਹੀਦ ਮਨਦੀਪ 9 ਸਿੱਖ ਰੈਜੀਮੈਂਟ 'ਚ ਤੈਨਾਤ ਸੀ। ਬੀਤੇ ਬੁੱਧਵਾਰ ਨੂੰ ਸ਼੍ਰੀਨਗਰ ਦੇ ਕੁਪਵਾੜਾ ਸੈਕਟਰ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਸ਼ਹੀਦ ਹੋ ਗਿਆ ਸੀ। ਮਨਦੀਪ ਆਪਣੇ ਪਿੱਛੇ 2 ਪੁੱਤਰ, ਪਤਨੀ ਤੇ ਮਾਤਾ ਪਿਤਾ ਨੂੰ ਛੱਡ ਗਿਆ ਹੈ। ਜਵਾਨ ਮਨਦੀਪ ਦੀ ਸ਼ਹੀਦੀ 'ਤੇ ਪਿੰਡ ਵਾਸੀਆਂ ਨੂੰ ਮਾਣ ਹੈ।
ਹੋਰ ਪੜ੍ਹੋ























