ਅੰਮ੍ਰਿਤਸਰ: ਆਪਰੇਸ਼ਨ ਬਲੂ ਸਟਾਰ ਦੀ 35ਵੀਂ ਬਰਸੀ ਦੇ ਦੌਰਾਨ ਜਥੇਦਾਰ ਅਕਾਲ ਤਖ਼ਤ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅਨਮੋਲ ਖ਼ਜ਼ਾਨਾ ਵਾਪਸ ਦੇਣ ਲਈ ਕੇਂਦਰ ਸਰਕਾਰ ਨਾਲ ਗੱਲ ਕਰਨ ਦਾ ਹੁਕਮ ਜਾਰੀ ਕੀਤਾ ਸੀ। ਹੁਣ ਇਸ 'ਤੇ ਐਸਜੀਪੀਜੀ ਵੱਲੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।


ਇਸ ਸਬੰਧੀ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਰੈਫਰੈਂਸ ਲਾਇਬ੍ਰੇਰੀ ਦਾ ਜੋ ਖ਼ਜ਼ਾਨਾ ਫੌਜ ਲੈ ਗਈ ਸੀ, ਉਸ ਨੂੰ ਵਾਪਸ ਹਾਸਲ ਕਰਨ ਲਈ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਜਾਏਗਾ। ਇਸ ਸਬੰਧ ਵਿੱਚ 13 ਜੂਨ ਨੂੰ ਬੈਠਕ ਵੀ ਬੁਲਾਈ ਗਈ ਹੈ।

ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਕਰਾਏ ਗਾਵਹੁ ਸਾਚੀ ਬਾਣੀ ਮੁਕਾਬਲੇ ਦਾ ਆਗਾਜ਼ ਕੀਤਾ। ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਮੁੱਖ ਪ੍ਰੋਗਰਾਮ ਸੁਲਤਾਨਪੁਰ ਲੋਧੀ ਵਿੱਚ ਕੀਤਾ ਗਿਆ ਹੈ। ਇਸ ਵਿੱਚ ਪੀਐਮ ਮੋਦੀ ਤੋਂ ਇਲਾਵਾ ਰਾਸ਼ਟਰਪਤੀ ਤੇ ਸਾਰੇ ਸੂਬਿਆਂ ਦੇ ਸੀਐਮ ਤੇ ਗੁਆਂਢੀ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਵੀ ਬੁਲਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲ ਕੀਤੀ ਜਾਏਗੀ ਤੇ ਉਨ੍ਹਾਂ ਨਾਲ ਮੀਟਿੰਗ ਕਰਕੇ ਕੋਸ਼ਿਸ਼ ਕੀਤੀ ਜਾਏਗੀ ਕਿ ਇੱਕ ਹੀ ਸਟੇਜ ਤਿਆਰ ਕਰਵਾਈ ਜਾਏ।