ਚੰਡੀਗੜ੍ਹ: ਆਰਐਸਐਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਨਾਗਪੁਰ ਵਿੱਚ ਦੁਸਹਿਰੇ ਮੌਕੇ ਭਾਰਤ ਨੂੰ 'ਹਿੰਦੂ ਰਾਸ਼ਟਰ' ਤੇ ਇੱਥੇ ਵੱਸਦੇ ਸਾਰੇ ਲੋਕਾਂ ਨੂੰ ਹਿੰਦੂ ਕਹਿਣ ’ਤੇ ਸਿੱਖਾਂ ਵਿੱਚ ਰੋਸ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਬਹੁ-ਕੌਮੀ ਤੇ ਬਹੁ-ਭਾਸ਼ਾਈ ਦੇਸ਼ ਹੈ। ਇੱਥੇ ਵੱਸਣ ਵਾਲੇ ਵੱਖ-ਵੱਖ ਧਰਮਾਂ ਦਾ ਇਤਿਹਾਸ, ਸਿਧਾਂਤ ਤੇ ਰਹਿਣੀ ਆਪੋ-ਆਪਣੇ ਵਿਧਾਨ ਅਨੁਸਾਰ ਹੈ।
ਲੌਂਗੋਵਾਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਭਾਰਤ ਅੰਦਰ ਵੱਸਣ ਵਾਲੇ ਹਰ ਧਰਮ ਦੇ ਲੋਕਾਂ ਨੂੰ ਮੁਕੰਮਲ ਅਜ਼ਾਦੀ ਦਿੰਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਆਰਐਸਐਸ ਮੁਖੀ ਜਾਣਬੁੱਝ ਕੇ ਦੇਸ਼ ਦੇ ਸੰਵਿਧਾਨ ਨੂੰ ਅੱਖੋ-ਉਹਲੇ ਕਰਕੇ ਹਿੰਦੂ ਰਾਸ਼ਟਰ ਦਾ ਏਜੰਡਾ ਦੇਸ਼ ’ਤੇ ਠੋਸ ਰਿਹਾ ਹੈ। ਉਨ੍ਹਾਂ ਆਖਿਆ ਕਿ ਭਾਰਤ ਅੰਦਰ ਵੱਖ-ਵੱਖ ਧਰਮਾਂ ਦੀ ਵੰਨ-ਸੁਵੰਨਤਾ ਹੀ ਇਸ ਦੀ ਪਛਾਣ ਹੈ। ਇਹ ਵੀ ਸੱਚ ਹੈ ਕਿ ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਲਈ ਹਰ ਧਰਮ ਦੇ ਲੋਕਾਂ ਦਾ ਯੋਗਦਾਨ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਕੱਲੇ ਸਿੱਖ ਧਰਮ ਦੀ ਹੀ ਗੱਲ ਕਰੀਏ ਤਾਂ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਇਹ ਹਿੱਸਾ 80 ਫੀਸਦੀ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਆਪਣੀ ਵਿਲੱਖਣਤਾ ਹੈ, ਇਸ ਦੇ ਸਿਧਾਂਤ ਤੇ ਮਰਿਆਦਾ ਨਿਰਾਲੀ ਹੈ। ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਵਿੱਚ ਵੱਸਣ ਵਾਲੇ ਸਿੱਖਾਂ ਸਣੇ ਹੋਰ ਵੱਖ-ਵੱਖ ਕੌਮਾਂ ’ਤੇ ਹਿੰਦੂ ਰਾਸ਼ਟਰ ਦਾ ਪ੍ਰਭਾਵ ਪਾਇਆ ਜਾਵੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੋਹਨ ਭਾਗਵਤ ਨੂੰ ਅਜਿਹੇ ਬਿਆਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਭਾਰਤ ਅੰਦਰ ਵੱਸਣ ਵਾਲੇ ਹਰ ਧਰਮ ਦੀ ਆਪੋ-ਆਪਣੀ ਪਛਾਣ ਹੈ। ਇਸ ਨੂੰ ਰਲਗਡ ਕਰਨ ਦੀ ਕੋਸ਼ਿਸ਼ ਕਰਨਾ ਚਲਾਕੀ ਤਾਂ ਹੋ ਸਕਦੀ ਹੈ, ਪਰ ਸਮਝਦਾਰੀ ਨਹੀਂ।
ਉਧਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸੰਘ ਮੁਖੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਾਡਾ ਸਿੱਖ ਧਰਮ ਨਿਆਰੇਪਣ ਦਾ ਪ੍ਰਤੀਕ ਹੈ, ਉਸੇ ਤਰ੍ਹਾਂ ਗੁਰੂ ਸਹਿਬਾਨ ਵੱਲੋਂ ਸਾਜੇ ਖਾਲਸਾ ਪੰਥ ਨੂੰ ਹਿੰਦੂ ਧਰਮ ਦਾ ਹਿੱਸਾ ਕਹਿਣਾ ਅਤਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਾਡਾ ਇਸ਼ਟ, ਸੱਭਿਆਚਾਰ, ਧਰਮ, ਬਾਣਾ, ਰੂਪ, ਮਰਿਆਦਾ ਵੱਖਰਾ ਹੈ।
ਸਿੱਖ ਧਰਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਤੇ ਖਾਲਸਾ ਪੰਥ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਉਦੋਂ ਤੋਂ ਹੀ ਸਿੱਖ ਕੌਮ ਨਿਆਰੇਪਣ ਦੀ ਪ੍ਰਤੀਕ ਹੈ ਪਰ ਸੰਘ ਮੁਖੀ ਦਾ ਹਿੰਦੂ ਰਾਸ਼ਟਰ ਅਤੇ ਸਭ ਨੂੰ ਹਿੰਦੂ ਦੱਸਣ ਬਾਰੇ ਆਇਆ ਬਿਆਨ ਗ਼ਲਤ ਹੈ।
'ਹਿੰਦੂ ਰਾਸ਼ਟਰ' ਤੋਂ ਖਫਾ ਹੋਏ ਸਿੱਖ, ਆਰਐਸਐਸ ਖਿਲਾਫ ਡਟੀ ਸ਼੍ਰੋਮਣੀ ਕਮੇਟੀ
ਏਬੀਪੀ ਸਾਂਝਾ
Updated at:
10 Oct 2019 01:36 PM (IST)
ਆਰਐਸਐਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਨਾਗਪੁਰ ਵਿੱਚ ਦੁਸਹਿਰੇ ਮੌਕੇ ਭਾਰਤ ਨੂੰ 'ਹਿੰਦੂ ਰਾਸ਼ਟਰ' ਤੇ ਇੱਥੇ ਵੱਸਦੇ ਸਾਰੇ ਲੋਕਾਂ ਨੂੰ ਹਿੰਦੂ ਕਹਿਣ ’ਤੇ ਸਿੱਖਾਂ ਵਿੱਚ ਰੋਸ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਬਹੁ-ਕੌਮੀ ਤੇ ਬਹੁ-ਭਾਸ਼ਾਈ ਦੇਸ਼ ਹੈ। ਇੱਥੇ ਵੱਸਣ ਵਾਲੇ ਵੱਖ-ਵੱਖ ਧਰਮਾਂ ਦਾ ਇਤਿਹਾਸ, ਸਿਧਾਂਤ ਤੇ ਰਹਿਣੀ ਆਪੋ-ਆਪਣੇ ਵਿਧਾਨ ਅਨੁਸਾਰ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -