ਚੰਡੀਗੜ੍ਹ: ਕੋਟਕਪੁਰਾ ਗੋਲੀਕਾਂਡ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜਾਂਚ ਟੀਮ ਦੀ ਪੜਤਾਲ ਰਿਪੋਰਟ ਰੱਦ ਕੀਤੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਮੁੱਖ ਆਗੂਆਂ ਦੀ ਇੱਕ ਅਹਿਮ ਬੈਠਕ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਸਬੰਧੀ ਸੁਣਾਏ ਗਏ ਫੈਸਲੇ ਨੂੰ ਪਾਰਟੀ ਵੱਲੋਂ ਮੰਦਭਾਗਾ ਕਰਾਰ ਦਿੱਤਾ ਗਿਆ। 


ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕੋਟਕਪੁਰਾ ਤੇ ਬਹਿਬਲ- ਕਲਾਂ ਗੋਲੀਕਾਂਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਪੀੜਤ ਪਰਿਵਾਰਾਂ ਅਤੇ ਸਿੱਖ ਸੰਗਤ ਵੱਲੋਂ ਇਸ ਘਟਨਾ ਦੇ ਦੋਸ਼ੀਆਂ ਨੂੰ ਸ਼ਜਾ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਪੂਰੇ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਵਿੱਚ ਨਿਰਾਸ਼ਾ ਦੀ ਲਹਿਰ ਹੈ।


ਇਸ ਸਬੰਧ ਵਿੱਚ ਬੋਲਦਿਆਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਕਾਂਡ ਸਬੰਧੀ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚਣੌਤੀ ਦਿੱਤੇ ਜਾਣ ਦੇ ਆਏ ਬਿਆਨ ਨੂੰ ਵੀ ਸਿਆਸੀ ਬਿਆਨਬਾਜ਼ੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਹਾਈਕੋਰਟ ਵਿੱਚ ਐਡਵੋਕੇਟ ਜਰਨਲ ਰਾਹੀਂ ਸਰਕਾਰ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਨੂੰ ਬਦਲਣ ਅਤੇ ਨਵਾਂ ਮੁਖੀ ਨਿਯੁਕਤ ਕਰਨ ਦੀ ਗੱਲ ਪਹਿਲਾਂ ਹੀ ਮੰਨ ਚੁੱਕੀ ਹੈ ਅਤੇ ਹੁਣ ਸਰਕਾਰ ਸੁਪਰੀਮ ਕੋਰਟ ਵਿੱਚ ਕਿਸ ਗੱਲ ਨੂੰ ਅਧਾਰ ਬਣਾਕੇ ਚਣੌਤੀ ਦਵੇਗੀ?


ਉਨ੍ਹਾ ਕਿਹਾ ਕਿ ਇਸਤੋਂ ਪਹਿਲਾਂ ਵੀ ਕੈਪਟਨ ਸਰਕਾਰ ਦੌਰਾਨ ਬਾਦਲਾਂ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੇ ਅਧਿਕਾਰੀ ਅਦਾਲਤ ਵਿੱਚ ਮੁੱਕਰ ਗਏ ਸਨ ਅਤੇ ਹੁਣ ਹਾਈਕੋਰਟ ਵਿੱਚ ਬਾਦਲਾਂ ਦੇ ਖਿਲਾਫ਼ ਚੱਲ ਰਹੇ ਮਾਮਲਿਆਂ ਵਿੱਚ ਸਰਕਾਰ ਦੇ ਵਕੀਲਾਂ ਨੇ ਗੋਡੇ ਟੇਕ ਦਿੱਤੇ ਹਨ। ਉਨ੍ਹਾ ਕਿਹਾ ਕਿ ਸਰਕਾਰ ਦਾ ਇਹ ਮੰਨ ਲੈਣਾ ਕਿ ਨਵੀਂ ਸਿਟ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸ਼ਾਮਿਲ ਨਹੀ ਕੀਤਾ ਜਾਵੇਗਾ, ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ ਇਹ ਕੈਪਟਨ ਅਤੇ ਬਾਦਲਾਂ ਵੱਲੋਂ ਸਾਜਿਸ਼ ਕੀਤੀ ਜਾ ਰਹੀ ਹੈ ਅਤੇ ਇਸ ਫੈਸਲੇ ਤੋਂ ਬਾਅਦ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਕੈਪਟਨ ਸਰਕਾਰ ਦੇ ਨਾਂਹ -ਪੱਖੀ ਰਵੱਈਏ ਕਾਰਨ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ ਟੁੱਟ ਗਈ ਹੈ।