Punjab News : ਵਪਾਰ ਮੰਡਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਦੁਕਾਨਾਂ ਬੰਦ ਕਰਕੇ ਸਵੇਰੇ ਥਾਣਾ ਸਿਟੀ ਅੰਦਰ ਧਰਨਾ ਦੇ ਕੇ ਪੁਲਿਸ ਪ੍ਰਸਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਵਪਾਰੀਆਂ ਦਾ ਕਹਿਣਾ ਸੀ ਕਿ ਬੀਤੀ ਰਾਤ ਇੱਕ ਵਪਾਰੀ ਨੂੰ ਕਥਿਤ ਤੌਰ ਉੱਤੇ ਜੂਆ ਖੇਡਣ ਦੇ ਦੋਸ਼ ਲਾ ਕੇ ਪੁਲਿਸ ਥਾਣਾ ਸਿਟੀ ਲੈ ਆਈ ਅਤੇ ਇਸ ਦੌਰਾਨ ਪੁਲਿਸ ਨੇ ਉਸ ਵਪਾਰੀ ਅਤੇ ਉਸਦੀ ਹਮਾਇਤ ਤੇ ਆਏ ਵਪਾਰੀਆਂ ਨਾਲ ਦੁਰਵਿਹਾਰ ਕੀਤਾ। ਲੰਬੇ ਸਮੇਂ ਤੱਕ ਧਰਨਾ ਤੇ ਨਾਅਰੇਬਾਜ਼ੀ ਤੋਂ ਬਾਅਦ ਥਾਣੇ ਦੇ ਐਸਐਚਓ ਵੱਲੋਂ ਦੁਕਾਨਾਦਾਰਾਂ ਤੋਂ ਮਾਫੀ ਮੰਗਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ।
ਇਹ ਹੈ ਪੂਰਾ ਮਾਮਲਾ
ਥਾਣਾ ਸਿਟੀ ਅੰਦਰ ਧਰਨੇ ਤੇ ਬੈਠੇ ਵਪਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੇ ਇੱਕ ਵਪਾਰੀ ਜਿਸ ਦੀ ਕਿ ਹੋਲਸੇਲ ਦੀ ਦੁਕਾਨ ਸਦਰ ਬਜ਼ਾਰ ਵਿੱਚ ਹੈ ਉਸ ਨੂੰ ਉਸ ਸਮੇਂ ਥਾਣੇ ਲੈ ਗਏ ਜਦੋਂ ਉਹ ਬਜ਼ਾਰ ਵਿੱਚ ਦੁਕਾਨ ਦੀ ਉਗਰਾਹੀ ਕਰ ਰਿਹਾ ਸੀ। ਪੁਲਿਸ ਨੇ ਕਥਿਤ ਤੌਰ ਤੇ ਦੋਸ਼ ਲਾਏ ਕਿ ਇਹ ਵਿਅਕਤੀ ਜੂਆ ਖੇਡਦਾ ਹੈ। ਇਸ ਦੇ ਵਿਰੁੱਧ ਵਿੱਚ ਵਪਾਰੀ ਸਾਥੀ ਉਸ ਲਈ ਥਾਣਾ ਸਿਟੀ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨਾਲ ਵੀ ਮਾੜਾ ਵਿਵਹਾਰ ਕੀਤਾ।
ਵਪਾਰ ਮੰਡਲ ਦੇ ਲੋਕਾਂ ਦਾ ਕਹਿਣਾ ਕਿ ਪੁਲਿਸ ਨੇ ਰਾਤ ਸਮੇਂ ਇਸ ਵਪਾਰੀ ਨੂੰ ਭਾਵੇ ਛੱਡ ਦਿੱਤਾ ਪਰ ਇਸ ਵਪਾਰੀ ਅਤੇ ਇਸ ਦੀ ਹਮਾਇਤ ਤੇ ਆਏ ਵਪਾਰੀਆਂ ਨਾਲ ਦੁਰਵਿਹਾਰ ਕੀਤਾ। ਜਿਸ ਉਪਰੰਤ ਉਹਨਾਂ ਅੱਜ ਵਪਾਰ ਮੰਡਲ ਵੱਲੋਂ ਦੁਕਾਨਾਂ ਬੰਦ ਕਰਕੇ ਇਹ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹੀ ਮੌਕੇ ਉੱਤੇ ਪਹੁੰਚੇ ਥਾਣਾ ਸਿਟੀ ਦੇ ਐਸਐਚਓ ਵਰੁਣ ਮੱਟੂ ਨੇ ਵਪਾਰੀਆਂ ਦੇ ਸਾਹਮਣੇ ਇਹ ਮੰਨਿਆ ਕਿ ਬੀਤੀ ਰਾਤ ਵਿਅਕਤੀ ਨੂੰ ਗਲਤੀ ਨਾਲ ਪੁਲਿਸ ਲੈ ਆਈ, ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਜਿਸ ਉਪਰੰਤ ਇਹ ਰੋਸ਼ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ।