Sidhu Moosewala Murder case: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਬਿਸ਼ਨੋਈ ਗੈਂਗ ਵੱਲੋਂ ਈ-ਮੇਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਮਾਨਸਾ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਜਬਰੀ ਵਸੂਲੀ ਤੇ ਧਮਕੀਆਂ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਹੈ। ਸੂਤਰਾਂ ਅਨੁਸਾਰ ਮਾਨਸਾ ਪੁਲਿਸ ਨੇ ਧਮਕੀਆਂ ਦੇਣ ਵਾਲਿਆਂ ਨੂੰ ਰਾਜਸਥਾਨ ਤੋਂ ਲੱਭ ਲਿਆ ਹੈ। 


ਸੂਤਰਾਂ ਅਨੁਸਾਰ ਇਕ ਟੀਮ ਪਹਿਲਾਂ ਹੀ ਗੁਆਂਢੀ ਸੂਬੇ ਵਿੱਚ ਹੈ ਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਵਿਦੇਸ਼ ਤੋਂ ਪਰਤਣ ਤੋਂ ਬਾਅਦ ਬਲਕੌਰ ਸਿੰਘ ਨੇ ਮੰਗਲਵਾਰ ਨੂੰ ਮਾਨਸਾ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਨੂੰ ਈ-ਮੇਲ ਰਾਹੀਂ ਧਮਕੀ ਦਿੱਤੀ ਗਈ ਤੇ ਉਸ ਦੀ ਜਾਨ ਨੂੰ ਖ਼ਤਰਾ ਹੈ। 


ਮਾਨਸਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਨੇ ਧਮਕੀਆਂ ਦੇਣ ਵਾਲੇ ਨੂੰ ਟਰੇਸ ਕਰ ਲਿਆ ਹੈ, ਉਸ ਨੂੰ ਛੇਤੀ ਹੀ ਹਿਰਾਸਤ ਵਿੱਚ ਲੈ ਕੇ ਪੰਜਾਬ ਲਿਆਂਦਾ ਜਾਵੇਗਾ।


ਕਾਬਿਲੇਗ਼ੌਰ ਹੈ ਕਿ ਸ਼ੂਟਰ ਏਜੇ ਲਾਰੈਂਸ ਦੇ ਨਾਂ 'ਤੇ ਇਹ ਧਮਕੀ ਸਿੱਧੂ ਮੂਸੇਵਾਲਾ ਦੀ ਈ-ਮੇਲ ਆਈਡੀ 'ਤੇ ਭੇਜੀ ਗਈ ਸੀ। ਇਸ ਨੂੰ ਸੋਪੂ ਗਰੁੱਪ ਵੱਲੋਂ ਚੇਤਾਵਨੀ ਦੱਸਿਆ ਗਿਆ ਹੈ। ਧਮਕੀ ਦੇਣ ਵਾਲੇ ਨੇ ਲਿਖਿਆ- ਸੁਣੋ ਜੇ ਸਿੱਧੂ ਮੂਸੇਵਾਲਾ ਦੇ ਪਿਤਾ ਲਾਰੈਂਸ, ਜੱਗੂ ਭਗਵਾਨਪੁਰੀਆ ਸਾਡੇ ਭਰਾਵਾਂ ਦੀ ਸੁਰੱਖਿਆ ਬਾਰੇ ਕੁਝ ਵੀ ਕਹਿਣਗੇ ਤਾਂ ਬਲਕੌਰ ਸਿੰਘ ਦਾ ਹਾਲ ਸਿੱਧੂ ਮੂਸੇਵਾਲਾ ਤੋਂ ਵੀ ਬੁਰਾ ਹੋਵੇਗਾ।


ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਗੈਂਗ ਨੇ ਉਸਦੇ ਪਿਤਾ ਨੂੰ ਧਮਕੀ ਦਿੱਤੀ ਸੀ। ਲਾਰੈਂਸ ਗੈਂਗ ਦੇ ਸ਼ੂਟਰ ਦੇ ਨਾਂ 'ਤੇ ਭੇਜੀ ਗਈ ਮੇਲ 'ਚ ਕਿਹਾ ਗਿਆ ਸੀ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ 'ਤੇ ਕੁਝ ਨਾ ਕਹਿਣ। ਗਿਰੋਹ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਦੇ ਕਾਤਲ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਐਨਕਾਊਂਟਰ ਵੀ ਉਨ੍ਹਾਂ ਦੇ ਹੀ ਦਬਾਅ ਹੇਠ ਹੋਇਆ ਸੀ। ਧਮਕੀ ਦਾ ਪਤਾ ਲੱਗਦੇ ਹੀ ਪੰਜਾਬ ਪੁਲਿਸ ਨੇ ਖੁਫੀਆ ਜਾਂਚ ਸ਼ੁਰੂ ਕਰ ਦਿੱਤੀ ਸੀ।


ਸਿੱਧੂ ਮੂਸੇਵਾਲਾ ਦੇ ਪਿਤਾ ਗੈਂਗਸਟਰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਦਾ ਮੁੱਦਾ ਕਈ ਵਾਰ ਉਠਾ ਚੁੱਕੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰ ਆਮ ਆਦਮੀ ਲਈ ਬਣੇ ਕਾਨੂੰਨ ਦਾ ਫਾਇਦਾ ਉਠਾ ਰਹੇ ਹਨ। ਲਾਰੈਂਸ ਅਤੇ ਜੱਗੂ 'ਤੇ ਇੰਨੇ ਪਰਚੇ ਦਰਜ ਹਨ, ਫਿਰ ਵੀ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ। ਉਹ ਆਮ ਆਦਮੀ ਵਾਂਗ ਮੁਕੱਦਮਾ ਕਿਉਂ ਨਹੀਂ ਚਲਾਉਂਦਾ?