ਮਾਨਸਾ: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਦੇ ਸਿਵਲ ਹਸਪਤਾਲ 'ਚ ਮੈਡੀਕਲ ਲਈ ਲਿਆਂਦਾ ਗਿਆ ਹੈ  ਕੁਝ ਸਮੇਂ ਬਾਅਦ ਜੱਗੂ ਨੂੰ ਮਾਨਸਾ ਪੁਲਿਸ ਅਦਾਲਤ ਵਿੱਚ ਪੇਸ਼ ਕਰੇਗੀ। ਬੁੱਧਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਪੰਜਾਬ ਪੁਲਿਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਲਿਜਾਣ ਲਈ ਟ੍ਰਾਂਜ਼ਿਟ ਰਿਮਾਂਡ ਦਿੱਤਾ ਸੀ। ਇ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਹਿਰਾਸਤ 'ਚ ਲੈ ਕੇ ਪੰਜਾਬ ਲਿਆਈ ਸੀ।

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਿੱਥੇ ਪੰਜਾਬ ਪੁਲਿਸ ਉਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ। ਭਗਵਾਨਪੁਰੀਆ ਦੇ ਮੂਸੇਵਾਲਾ ਕਤਲ ਕਾਂਡ ਵਿੱਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ। ਹਾਲਾਂਕਿ ਜੱਗੂ ਦੀ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਲਾਰੈਂਸ ਨੇ ਪਹਿਲਾਂ ਉਸਦੀ ਮਦਦ ਕੀਤੀ ਸੀ। ਜਿਸ ਦੇ ਬਦਲੇ 'ਚ ਜੱਗੂ 'ਤੇ ਲਾਰੈਂਸ ਨੂੰ ਸ਼ਾਰਪ ਸ਼ੂਟਰ ਅਤੇ ਹਥਿਆਰ ਮੁਹੱਈਆ ਕਰਵਾਉਣ ਦਾ ਸ਼ੱਕ ਹੈ। ਇਸ ਦੇ ਖੁਲਾਸੇ 'ਤੇ ਪੰਜਾਬ ਪੁਲਿਸ ਕੱਲ੍ਹ ਦਿੱਲੀ ਪਟਿਆਲਾ ਹਾਊਸ ਕੋਰਟ ਗਈ ਸੀ। ਉਥੋਂ ਜੱਗੂ ਭਗਵਾਨਪੁਰੀਆ ਨੂੰ ਟਰਾਂਜ਼ਿਟ ਰਿਮਾਂਡ 'ਤੇ ਪੁਲਿਸ ਦੇਰ ਰਾਤ ਮਾਨਸਾ ਲੈ ਕੇ ਆਈ ਸੀ।


 ਲਾਰੈਂਸ ਸਿੰਡੀਕੇਟ ਦਾ ਮੈਂਬਰ ਜੱਗੂ

ਜੱਗੂ ਭਗਵਾਨਪੁਰੀਆ ਵੀ ਗੈਂਗਸਟਰ ਲਾਰੈਂਸ ਸਿੰਡੀਕੇਟ ਦਾ ਮੈਂਬਰ ਹੈ। ਗੈਂਗਸਟਰ ਲਾਰੈਂਸ ਦੇ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਪਹਿਲਾਂ ਹੀ ਲਾਰੈਂਸ ਨੂੰ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਦੱਸ ਚੁੱਕੀ ਹੈ। ਕਾਲਜ ਦੇ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਨੇ ਮੂਸੇਵਾਲਾ ਦਾ ਕਤਲ ਕਰਵਾਇਆ ਹੈ। ਲਾਰੈਂਸ ਪਹਿਲਾਂ ਹੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਉਸ ਕੋਲੋਂ ਸੀਆਈਏ ਸਟਾਫ਼ ਖਰੜ ਵਿਖੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਜੱਗੂ ਨੇ ਕੀਤਾ ਸੀ ਦਾਅਵਾ , ਜੇਲ੍ਹ ਵਿੱਚ ਰਹਿੰਦੇ ਗੋਲਡੀ ਨਾਲ ਗੱਲ ਹੋਈ ਸੀ

ਜੱਗੂ ਭਗਵਾਨਪੁਰੀਆ ਨੂੰ ਕੁਝ ਸਮਾਂ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਿਮਾਂਡ 'ਤੇ ਲਿਆ ਸੀ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਤਿਹਾੜ ਜੇਲ੍ਹ ਵਿੱਚ ਲਾਰੈਂਸ ਨਾਲ ਬੈਰਕ ਵਿੱਚ ਬੰਦ ਸੀ। ਫਿਰ ਉਸਦੀ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨਾਲ ਗੱਲ ਹੁੰਦੀ ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਦੀ ਬੈਰਕ ਬਦਲ ਦਿੱਤੀ ਗਈ।