ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ 'ਚ ਜੁਟੀ ਪੰਜਾਬ ਪੁਲਿਸ ਨੂੰ ਮੰਗਲਵਾਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਪੰਜਾਬ ਪੁਲਿਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਪੰਜਾਬ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ। 

 

ਇਸ ਤੋਂ ਪਹਿਲਾਂ ਅਦਾਲਤ ਵਿੱਚ ਬਿਸ਼ਨੋਈ ਦੇ ਵਕੀਲਾਂ ਨੇ ਉਸ ਦੇ ਐਨਕਾਊਂਟਰ ਦਾ ਖ਼ਦਸ਼ਾ ਪ੍ਰਗਟਾਇਆ ਸੀ। ਇਸ 'ਤੇ ਪੰਜਾਬ ਪੁਲਿਸ ਨੇ ਕਿਹਾ ਕਿ ਉਹ ਪੂਰੀ ਫੋਰਸ ਲੈ ਕੇ ਆਏ ਹਨ ਅਤੇ ਪੂਰੇ ਰਸਤੇ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਦੀ ਅਦਾਲਤ ਵਿੱਚ ਬੁੱਧਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰੇਗੀ।

 

ਏਡੀਜੀਪੀ (ਲਾਅ ਐਂਡ ਆਰਡਰ) ਦੀ ਅਗਵਾਈ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਸਮੇਤ ਇੱਕ ਟੀਮ ਮੰਗਲਵਾਰ ਨੂੰ ਦਿੱਲੀ ਪਹੁੰਚੀ ਸੀ। ਦਿੱਲੀ ਪੁਲਿਸ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਅਦਾਲਤ 'ਚ ਪੇਸ਼ ਕੀਤਾ ਸੀ। ਦਿੱਲੀ ਪੁਲੀਸ ਨੇ ਮੂਸੇਵਾਲਾ ਕਤਲ ਕੇਸ ਵਿੱਚ ਰਿਮਾਂਡ ’ਤੇ ਲਾਰੇਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਕੀਤੀ ਸੀ, ਜਿਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਇਸ ਕਤਲ ਵਿੱਚ ਬਿਸ਼ਨੋਈ ਅਤੇ ਉਸ ਦੇ ਗੈਂਗ ਦਾ ਹੱਥ ਹੈ।

 
ਜਿਵੇਂ ਹੀ ਦਿੱਲੀ ਪੁਲੀਸ ਨੇ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਪੰਜਾਬ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਜਾਣ ਲਈ ਦੋ ਵੱਖ-ਵੱਖ ਅਰਜ਼ੀਆਂ ਦਾਖ਼ਲ ਕੀਤੀਆਂ, ਜਿਨ੍ਹਾਂ ’ਤੇ ਲੰਮੀ ਬਹਿਸ ਹੋਈ। ਬਿਸ਼ਨੋਈ ਦੇ ਵਕੀਲਾਂ ਨੇ ਉਸ ਨੂੰ ਪੰਜਾਬ ਪੁਲੀਸ ਹਵਾਲੇ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਿਸ਼ਨੋਈ ਦਾ ਐਨਕਾਊਂਟਰ ਹੋ ਸਕਦਾ ਹੈ।

ਦੂਜੇ ਪਾਸੇ ਪੰਜਾਬ ਪੁਲੀਸ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਹ ਦੋ ਬੁਲੇਟ ਪਰੂਫ਼ ਗੱਡੀਆਂ, 20 ਹੋਰ ਗੱਡੀਆਂ ਅਤੇ ਉੱਚ ਪੁਲੀਸ ਅਧਿਕਾਰੀਆਂ ਸਮੇਤ 50 ਪੁਲੀਸ ਮੁਲਾਜ਼ਮ ਲੈ ਕੇ ਪਹੁੰਚੀ ਹੈ ਅਤੇ ਬਿਸ਼ਨੋਈ ਨੂੰ ਪੰਜਾਬ ਲਿਜਾਣ ਸਮੇਂ ਪੂਰੇ ਰਸਤੇ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਇਸ 'ਤੇ ਬਿਸ਼ਨੋਈ ਦੇ ਵਕੀਲਾਂ ਨੇ ਅਦਾਲਤ ਨੂੰ ਕਿਹਾ ਕਿ ਪੰਜਾਬ ਪੁਲਿਸ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ 'ਚ ਹੀ ਬਿਸ਼ਨੋਈ ਦੀ ਪੁੱਛਗਿੱਛ ਕਰੇ ਅਤੇ ਜੇਕਰ ਬਿਸ਼ਨੋਈ ਨੂੰ ਪੰਜਾਬ ਲਿਜਾਣਾ ਹੈ ਤਾਂ ਉਸ ਨੂੰ ਹਥਕੜੀਆਂ ਅਤੇ ਬੇੜੀਆਂ ਪਾ ਕੇ ਲਿਜਾਇਆ ਜਾਵੇ ਤਾਂ ਜੋ ਪੁਲਿਸ ਕਿਸੇ ਵੀ ਤਰ੍ਹਾਂ ਦਾ ਇਹ ਬਹਾਨਾ ਨਾ ਬਣਾ ਸਕੇ ਕਿ ਲਾਰੈਂਸ ਬਿਸ਼ਨੋਈ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਨੇ ਲਾਰੇਂਸ ਬਿਸ਼ਨੋਈ ਅਤੇ ਪੰਜਾਬ ਪੁਲਿਸ ਦੇ ਵਕੀਲ ਨੂੰ ਸੁਣਨ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਹਨ।

 

 

 29 ਮਈ ਨੂੰ ਹੋਈ ਸੀ ਮੂਸੇਵਾਲਾ ਦੀ ਹੱਤਿਆ  


ਮਸ਼ਹੂਰ ਪੰਜਾਬੀ ਗਾਇਕ, ਰੈਪਰ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ 29 ਮਈ ਦੀ ਸ਼ਾਮ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰ ਦੋ ਕਾਰਾਂ ਵਿੱਚ ਆਏ ਸਨ। ਇਹ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਸਿੱਧੂ ਆਪਣੀ ਥਾਰ ਕਾਰ ਵਿੱਚ ਦੋ ਸਾਥੀਆਂ ਸਮੇਤ ਮਾਨਸਾ ਦੇ ਪਿੰਡ ਜਵਾਹਰਕੇ ਰਾਹੀਂ ਪਿੰਡ ਖਾਰਾ-ਬਰਨਾਲਾ ਜਾ ਰਿਹਾ ਸੀ। ਪੰਜਾਬੀ ਗਾਇਕ ਦੀ ਸੁਰੱਖਿਆ 'ਚ ਚਾਰ ਪੁਲਿਸ ਗੰਨਮੈਨ ਸੀ। ਇਨ੍ਹਾਂ ਵਿੱਚੋਂ ਦੋ ਸੁਰੱਖਿਆ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਵਾਪਸ ਬੁਲਾ ਲਿਆ ਸੀ।