ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ( Sidhu Moosewala  Murder ) ਦਾ ਅੱਜ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਮਾਨਸਾ ਦੇ ਪਿੰਡ ਜਵਾਹਰਕੇ 'ਚ ਉਨ੍ਹਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਗੋਲੀਬਾਰੀ ਵਿਚ ਮੂਸੇਵਾਲਾ ( Sidhu Musewala ) ਦੀ ਮੌਤ ਹੋ ਗਈ ਅਤੇ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਹਨ। ਪੰਜਾਬ 'ਚ CM ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਸ਼ਨੀਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਕਰ ਦਿੱਤੀ ਸੀ।

 

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੀਜੇਪੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਸਤੀਫ਼ਾ ਮੰਗਿਆ ਹੈ। ਉਨ੍ਹਾਂ ਇਹ ਕਿਹਾ ਕਿ ਜੋ ਲੋਕਾਂ ਦੀ ਪੰਜਾਬ ਸਰਕਾਰ ਵੱਲੋਂ  ਸੁਰੱਖਿਆ ਵਾਪਸ ਲਈ ਗਈ ਹੈ , ਉਹ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਜੋ ਵੀ ਲੋਕਾਂ ਨੂੰ ਚਾਹੇ ਉਹ ਧਾਰਮਿਕ ਖੇਤਰ ਜਾਂ ਕਿਸੇ ਵੀ ਖੇਤਰ ਦੀ ਸ਼ਖ਼ਸੀਅਤ ਹੋਵੇ ,ਕਿਸੇ ਵਜ੍ਹਾ ਕਰਕੇ ਹੀ ਸੁਰੱਖਿਆ ਦਿੱਤੀ ਸੀ। 

 

ਉਨ੍ਹਾਂ ਕਿਹਾ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਚਿੰਤਾਜਨਕ ਹੈ ,ਦਿਨ ਦਿਹਾੜੇ ਇਸ ਤਰ੍ਹਾਂ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫ਼ਾ ਦੇਣ ਲਈ ਆਖਿਆ। ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ। 

 

ਦੱਸ ਦੇਈਏ ਕਿ ਮੂਸੇਵਾਲਾ ਕੋਲ ਪਹਿਲਾਂ 8 ਤੋਂ 10 ਗੰਨਮੈਨ ਸਨ। ਮਾਨ ਸਰਕਾਰ ਨੇ ਉਸ ਦੇ ਕੋਲ ਸਿਰਫ਼ 2 ਗੰਨਮੈਨ ਹੀ ਛੱਡੇ ਸਨ। ਮੁੱਢਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ 'ਚ ਸਵਾਰ ਹੋ ਕੇ ਜਾ ਰਿਹਾ ਸੀ। ਕਾਲੇ ਰੰਗ ਦੀ ਗੱਡੀ 'ਚ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਘਰ ਤੋਂ ਕਰੀਬ 5 ਕਿਲੋਮੀਟਰ ਦੂਰ ਜਾ ਕੇ ਹੀ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ ਗਈ। ਉਸ ਸਮੇਂ ਮੂਸੇਵਾਲਾ ਖੁਦ ਚਲਾ ਰਿਹਾ ਸੀ।