ਬਰਨਾਲਾ : ਬਰਨਾਲਾ ਵਿੱਚ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਆਪਣੇ 2 ਅਧਿਆਪਕਾਂ ਨੂੰ ਰੈਗੂਲਰ ਆਡਰ ਜਾਰੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਤੱਕ ਰੋਸ ਮਾਰਚ ਕੱਢਿਆ ਗਿਆ ਹੈ। ਇਸ ਦੌਰਾਨ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਖੜ੍ਹੇ ਪੁਲਿਸ ਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਿਚਾਲੇ ਜ਼ਬਰਦਸਤ ਧੱਕਾ ਮੁੱਕੀ ਹੋਈ ਹੈ। ਪੁਲਿਸ ਤੇ ਅਧਿਆਪਕਾਂ ਵਿਚਾਲੇ ਹੋਈ ਧੱਕਾ ਮੁੱਕੀ ਦੌਰਾਨ ਅਧਿਆਪਕਾਂ ਨੇ ਪੁਲਿਸ 'ਤੇ ਮਹਿਲਾ ਅਧਿਆਪਕ ਨਾਲ ਦੁਰਵਿਵਹਾਰ ਦੇ ਦੋਸ਼ ਲਾਏ ਹਨ। ਅਧਿਆਪਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਪਿਛਲੀਆਂ ਸਰਕਾਰਾਂ ਵਾਂਗ ਧੱਕਾ ਕਰਨ ਦਾ ਦੋਸ਼ ਲਾਇਆ ਹੈ। 

 

ਇਸ ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪੰਜਾਬ ਪ੍ਰਧਾਨ ਵਿਕਰਮ ਦੇਵ ਸਿੰਘ, ਡੈਮੋਕਰੇਟਿਕ ਐਂਪਲਾਈਜ਼ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਜਰਮਨਜੀਤ ਸਿੰਘ, ਨਵਲਦੀਪ ਸ਼ਰਮਾ, ਹਰਦੀਪ ਟੋਡਰਪੁਰ, ਕਿਸਾਨ ਆਗੂ ਮਨਜੀਤ ਧਨੇਰ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਦੱਸਿਆ ਕਿ 8886 ਐੱਸ.ਐੱਸ.ਰਮਸਾ ਦੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਆਰਡਰ ਪਾਸ ਕੀਤੇ ਗਏ ਸਨ, ਜਿਨ੍ਹਾਂ 'ਚੋਂ 8884 ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਹੈ, ਜਦਕਿ 2 ਅਧਿਆਪਕਾਂ ਨੂੰ ਜਾਣਬੁੱਝ ਕੇ ਰੈਗੂਲਰ ਕਰਨ ਦੇ ਆਰਡਰ ਜਾਰੀ ਨਹੀਂ ਕੀਤੇ ਜਾ ਰਹੇ ਹਨ, ਕਿਉਂਕਿ ਇਹ ਸਾਰਾ ਸੰਘਰਸ਼ ਇਨ੍ਹਾਂ 2 ਅਧਿਆਪਕਾਂ ਵੱਲੋਂ ਲੜਿਆ ਗਿਆ ਸੀ। 

 

ਉਹਨਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤਤਕਾਲੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ 59 ਅਧਿਆਪਕਾਂ ਖਿਲਾਫ ਪੁਲਿਸ ਕੋਲ ਮਾਮਲਾ ਦਰਜ ਹੋਇਆ ਸੀ ਅਤੇ ਇਹਨਾਂ 59 ਅਧਿਆਪਕਾਂ ਵਿੱਚੋਂ 57 ਅਧਿਆਪਕ ਪੱਕੇ ਹੋ ਚੁੱਕੇ ਹਨ ਪਰ ਅਜੇ ਤੱਕ ਦੋ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ ਗਏ ਅਤੇ ਇਨ੍ਹਾਂ ਦੋਵਾਂ ਅਧਿਆਪਕਾਂ ਦੀਆਂ ਤਨਖਾਹਾਂ ਵੀ ਸਿੱਖਿਆ ਵਿਭਾਗ ਨੇ ਪਿਛਲੇ 14 ਮਹੀਨਿਆਂ ਤੋਂ ਰੋਕੀਆਂ ਹੋਈਆਂ ਹਨ।

 

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮ ਜਾਰੀ ਕਰਵਾਉਣ ਲਈ ਉਹ ਅਕਾਲੀ ਭਾਜਪਾ ਸਰਕਾਰ, ਕਾਂਗਰਸ ਸਰਕਾਰ ਕੋਲ ਗਏ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਜਦਕਿ ਉਨ੍ਹਾਂ ਦੱਸਿਆ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਮਹੀਨੇ ਉਹ ਇਸ ਸਬੰਧੀ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਮਿਲੇ ਸਨ ਪਰ ਸਿੱਖਿਆ ਮੰਤਰੀ ਮੀਤ ਹੇਅਰ ਨੇ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਸੀ ਪਰ 1 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੋਵਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ ਗਏ | ਜਿਸ ਦੇ ਖਿਲਾਫ ਪੰਜਾਬ ਭਰ ਤੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਲੋਕ ਸਿੱਖਿਆ ਮੰਤਰੀ ਦਾ ਵਿਰੋਧ ਕਰਨ ਆਏ ਹਨ।

 

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀਆਂ ਦੋ ਮੁੱਖ ਮੰਗਾਂ ਹਨ, ਜਿਨ੍ਹਾਂ ਵਿੱਚ ਪਹਿਲੀ ਮੰਗ ਹੈ ਕਿ ਦੋਵਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਅਤੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦੌਰਾਨ 59 ਅਧਿਆਪਕਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਉਹ ਅੱਜ ਇਨ੍ਹਾਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕਰਨ ਆਏ ਸਨ ਤਾਂ ਪੁਲੀਸ ਵੱਲੋਂ ਉਨ੍ਹਾਂ ਨਾਲ   ਧੱਕਾ ਮੁੱਕੀ ਕੀਤੀ ਗਈ ਅਤੇ ਮਹਿਲਾ ਅਧਿਆਪਕਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਉਨ੍ਹਾਂ ਦੇ ਵਾਲ ਵੀ ਪੁੱਟੇ ਗਏ। 

 

ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ,ਗੁਰਮੀਤ ਸਿੰਘ ਮੀਤ ਹੇਅਰ ਉਨ੍ਹਾਂ ਦੇ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਹਰਾ ਪੈਨ ਉਨ੍ਹਾਂ ਲਈ ਚੱਲੇਗਾ ਪਰ ਹੁਣ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ 'ਤੇ ਪੁਲਿਸ ਦਾ ਰੋਅਬ ਪਾ ਕੇ ਕੁੱਟ ਰਹੀ ਹੈ।