Sidhu Moosewala Murder: ਸਿੱਧੂ ਮੂਸੇਵਾਲਾ (Sidhu Moosewala) ਮਾਮਲੇ 'ਚ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੀ ਪੁਲਿਸ ਟੀਮ ਨੇ ਮੁੰਬਈ ਜਾ ਕੇ ਸੰਤੋਸ਼ ਜਾਧਵ ਤੋਂ ਪੁੱਛਗਿੱਛ ਕੀਤੀ ਹੈ। ਹੁਣ ਸ੍ਰੀ ਗੰਗਾਨਗਰ ਪੁਲਿਸ ਸੰਤੋਸ਼ ਜਾਧਵ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪੁਲਸ ਸੁਪਰਡੈਂਟ ਆਨੰਦ ਸ਼ਰਮਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਮਾਮਲੇ 'ਚ ਮੁੰਬਈ ਪੁਲਸ ਵਲੋਂ ਫੜੇ ਗਏ ਸੰਤੋਸ਼ ਜਾਧਵ ਨੇ ਇਸ ਸਾਲ 19 ਜਨਵਰੀ ਨੂੰ ਗੰਗਾਨਗਰ ਦੇ ਇਕ ਹਸਪਤਾਲ 'ਚ ਦੋ ਹੋਰਨਾਂ ਨਾਲ ਮਿਲ ਕੇ ਗੋਲੀਬਾਰੀ ਕੀਤੀ ਸੀ।


ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਸੰਤੋਸ਼ ਜਾਧਵ ਫਰਾਰ ਸੀ। ਹਸਪਤਾਲ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਗੋਲਡੀ ਬਰਾੜ ਨੇ ਲਾਰੈਂਸ ਗੈਂਗ ਦਾ ਹੋਣ ਦਾ ਬਹਾਨਾ ਲਗਾ ਕੇ ਹਸਪਤਾਲ ਦੇ ਸੰਚਾਲਕ ਤੋਂ ਦੋ ਕਰੋੜ ਰੁਪਏ ਦੀ ਰਕਮ ਮੰਗੀ ਸੀ। ਹਸਪਤਾਲ ਦੇ ਸੰਚਾਲਕ ਨੇ ਇਹ ਰਕਮ ਨਹੀਂ ਦਿੱਤੀ। ਹੁਣ ਜ਼ਿਲ੍ਹੇ ਦੇ ਜਵਾਹਰ ਨਗਰ ਥਾਣੇ ਦੇ ਇੰਚਾਰਜ ਦੀ ਅਗਵਾਈ ਹੇਠ ਪੁਲੀਸ ਟੀਮ ਮੁੰਬਈ ਭੇਜੀ ਗਈ ਹੈ। ਇਸ ਟੀਮ ਨੇ ਸੰਤੋਸ਼ ਜਾਧਵ ਤੋਂ ਪੁੱਛਗਿੱਛ ਕੀਤੀ ਸੀ। ਹੁਣ ਜਾਧਵ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਗੰਗਾਨਗਰ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਸੰਤੋਸ਼ ਜਾਧਵ ਕੋਲੋਂ ਪੁਣੇ ਪੁਲਿਸ ਨੂੰ ਮਿਲੇ ਸਨ 13 ਹਥਿਆਰ
ਦੱਸ ਦੇਈਏ ਕਿ ਹਾਲ ਹੀ 'ਚ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗ੍ਰਿਫਤਾਰ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੋਂ ਪੁਣੇ ਪੁਲਸ ਨੂੰ 13 ਹਥਿਆਰ ਮਿਲੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤੋਸ਼ ਨੇ ਇਹ 13 ਹਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ। ਦੱਸਿਆ ਜਾ ਰਿਹਾ ਹੈ ਕਿ ਸੰਤੋਸ਼ ਨੇ ਇਨ੍ਹਾਂ ਹਥਿਆਰਾਂ ਨੂੰ ਲੈਣ ਲਈ ਦੋ ਆਪਰੇਟਰਾਂ ਨੂੰ ਮੱਧ ਪ੍ਰਦੇਸ਼ ਭੇਜਿਆ ਸੀ।

ਸੰਤੋਸ਼ ਨੇ ਕਤਲ ਵਿੱਚ ਸ਼ਾਮਲ ਹੋਣ ਤੋਂ ਕੀਤਾ ਹੈ ਇਨਕਾਰ
ਪੁਲਸ ਪੁੱਛਗਿੱਛ ਦੌਰਾਨ ਸੰਤੋਸ਼ ਨੇ ਬਿਆਨ ਦਿੰਦੇ ਹੋਏ ਕਿਹਾ ਸੀ, "ਮੈਂ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਨਹੀਂ ਹਾਂ। ਉਸ ਦੇ ਕਤਲ ਵਾਲੇ ਦਿਨ ਮੈਂ ਗੁਜਰਾਤ ਦੇ ਮੁਦਰਾ ਪੋਰਟ ਨੇੜੇ ਇਕ ਹੋਟਲ 'ਚ ਸੀ।" ਮਾਮਲੇ ਦੀ ਜਾਂਚ ਕਰ ਰਹੀ ਪੁਣੇ ਕ੍ਰਾਈਮ ਬ੍ਰਾਂਚ ਅਤੇ ਦਿਹਾਤੀ ਪੁਲਸ ਦੇ ਉੱਚ ਅਧਿਕਾਰੀਆਂ ਮੁਤਾਬਕ ਸੰਤੋਸ਼ ਜਾਘਵ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਉਹ ਮਾਨਸਾ ਪੰਜਾਬ ਵਿੱਚ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਸਿਰਫ਼ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।