Mansa News: ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 10 ਮਹੀਨੇ ਹੋ ਗਏ ਹਨ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਇਸ ਕਰਕੇ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਲੋਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਤੇ ਦੁੱਖ ਸਾਂਝਾ ਕਰਨ ਲਈ ਆਉਂਦੇ ਹਨ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦੇ ਹੋਏ ਸਰਕਾਰ ਖਿਲਾਫ਼ ਆਪਣਾ ਗੁੱਸਾ ਕੱਢਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ 50 ਤੋਂ ਵੱਧ ਨੌਜਵਾਨਾਂ ਦਾ ਕਤਲ ਹੋ ਚੁੱਕਾ ਹੈ ਤੇ ਸਰਕਾਰ ਪੰਜਾਬ ਵਿੱਚ ਅਮਨ ਕਾਨੂੰਨ ਦਾ ਢਿੰਡੋਰਾ ਪਿੱਟ ਰਹੀ ਹੈ।
ਉਨ੍ਹਾਂ ਕਿਹਾ ਕਿ ਤਾਜ਼ਾ ਹਾਲਾਤ ਨੂੰ ਦੇਖ ਕੇ ਤਾਂ ਲੱਗਦਾ ਕਿ ਸਰਕਾਰ ਨੂੰ ਸਭ ਕੁਝ ਛੱਡ ਕੇ ਪੰਜਾਬ 'ਚ ਗਵਰਨਰ ਰਾਜ ਲਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਆਪਣੇ ਬੇਟੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਦੋ ਕਰੋੜ ਤੋਂ ਵੱਧ ਰੁਪਏ ਦਾ ਟੈਕਸ ਭਰਦਾ ਸੀ ਪਰ ਫ਼ਿਰ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਗੋਲੀ ਦਾ ਇਲਾਜ ਗੋਲੀ ਹੈ, ਜੋ ਕਾਨੂੰਨ ਸਾਊਦੀ ਅਰਬ 'ਚ ਹਨ, ਭਾਰਤ 'ਚ ਵੀ ਅਜਿਹੇ ਸਖ਼ਤ ਕਾਨੂੰਨ ਹੋਣੇ ਚਾਹੀਦੇ ਹਨ।
ਸਿੱਧੂ ਦੀ ਮਾਂ ਨੇ ਕਿਹਾ ਕਿ ਉਹ ਹਰ ਰੋਜ਼ ਮੌਜੂਦਾ ਸਰਕਾਰ ਨੂੰ ਕੋਸਦੇ ਹਨ, ਪੰਜਾਬ ਵਿੱਚ ਲਗਾਤਾਰ ਨੌਜਵਾਨਾਂ ਦਾ ਕਤਲ ਹੋ ਰਿਹਾ ਹੈ ਤੇ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਪੰਜਾਬ ਦਾ ਮਾਹੌਲ ਠੀਕ ਸੀ। ਉਨ੍ਹਾਂ ਨੇ ਕਿਹਾ ਕਿ ਗੋਲਡੀ ਬਰਾੜ ਤੇ ਹੋਰ ਗੈਂਗਸਟਰ ਅੱਜ ਕੱਲ੍ਹ ਨਾਬਾਲਿਗ ਬੱਚਿਆਂ ਦਾ ਸਹਾਰਾ ਲੈ ਕੇ ਕ੍ਰਾਈਮ ਨੂੰ ਅੰਜ਼ਾਮ ਦੇ ਰਹੇ ਹਨ, ਉਨ੍ਹਾਂ ਨੂੰ ਵੀ ਜੋ ਈਮੇਲ ਦੇ ਜ਼ਰੀਏ ਧਮਕੀਆਂ ਮਿਲ ਰਹੀਆਂ ਹਨ, ਉਹ ਨਾ ਤਾਂ ਬੱਚੇ ਹਨ, ਜਿਸ ਦਾ ਗੈਂਗਸਟਰ ਇਸਤੇਮਾਲ ਕਰ ਰਹੇ ਹਨ।
ਇਹ ਵੀ ਪੜ੍ਹੋ : ਕੰਵਰਦੀਪ ਕੌਰ ਚੰਡੀਗੜ੍ਹ ਦੀ ਨਵੀਂ SSP ਨਿਯੁਕਤ , ਗ੍ਰਹਿ ਮੰਤਰਾਲੇ ਵੱਲੋਂ ਹੁਕਮ ਜਾਰੀ , ਬਣੀ ਚੰਡੀਗੜ੍ਹ ਦੀ ਦੂਜੀ ਮਹਿਲਾ ਐਸਐਸਪੀ