ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਐਤਵਾਰ ਪੰਜਾਬ ਦੇ ਪਿੰਡ ਜਵਾਹਰਕੇ ਵਿੱਚ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਦੇ ਇੱਕ ਹਫ਼ਤੇ ਬਾਅਦ ਵੀ ਸਿੱਧੂ ਮੂਸੇਵਾਲਾ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਗੂਗਲ ਸਰਚ ਵਿੱਚ ਟ੍ਰੈਂਡਿੰਗ 'ਚ ਹੈ।

 

ਗੂਗਲ ਦੇ ਅੰਕੜਿਆਂ ਮੁਤਾਬਕ ਪਿਛਲੇ 7 ਦਿਨਾਂ 'ਚ ਸਿੱਧੂ ਮੂਸੇਵਾਲਾ ਨੂੰ ਦੁਨੀਆ ਦੇ 151 ਦੇਸ਼ਾਂ 'ਚ ਸਰਚ ਕੀਤਾ ਗਿਆ। ਇਹਨਾਂ ਵਿੱਚੋਂ 19 ਦੇਸ਼ ਅਜਿਹੇ ਹਨ , ਜਿੱਥੇ ਇੰਟਰਨੈਟ ਉਪਭੋਗਤਾਵਾਂ ਦੇ ਮੁਕਾਬਲੇ ਖੋਜ ਪ੍ਰਤੀਸ਼ਤ 1 ਤੋਂ 100 ਪ੍ਰਤੀਸ਼ਤ ਤੱਕ ਹੈ। ਹੋਰ 132 ਦੇਸ਼ਾਂ ਵਿੱਚ ਖੋਜ ਪ੍ਰਤੀਸ਼ਤ 1 ਪ੍ਰਤੀਸ਼ਤ ਤੋਂ ਘੱਟ ਹੈ। ਸਰਚ 'ਚ ਪਾਕਿਸਤਾਨ 100 ਫੀਸਦੀ ਸਕੋਰ ਨਾਲ ਸਿਖਰ 'ਤੇ ਹੈ। ਇਸ ਦੇ ਨਾਲ ਹੀ ਭਾਰਤ 'ਚ ਸਰਚ ਸਕੋਰ 88 ਫੀਸਦੀ ਹੈ।


ਭਾਰਤ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਦੇਸ਼ ਦੇ ਸਾਰੇ ਰਾਜਾਂ ਵਿੱਚ ਸਰਚ ਟ੍ਰੈਂਡਿੰਗ ਵਿੱਚ ਹੈ। ਪੰਜਾਬ 100, ਚੰਡੀਗੜ੍ਹ 88, ਹਿਮਾਚਲ 79 ਅਤੇ ਹਰਿਆਣਾ 56 ਫੀਸਦੀ ਟਰੈਂਡ ਵਿੱਚ ਹੈ। ਸਭ ਤੋਂ ਘੱਟ ਸਕੋਰ ਮਿਜ਼ੋਰਮ ਅਤੇ ਕੇਰਲ ਵਿੱਚ 2 ਪ੍ਰਤੀਸ਼ਤ ਹੈ, ਜਦਕਿ ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਤਾਮਿਲਨਾਡੂ ਦਾ ਸਕੋਰ 3 ਫੀਸਦੀ ਹੈ।


ਟੌਪ 3 ਵਿੱਚ ਮੂਸੇਵਾਲਾ ਦੇ ਦੋ ਗੀਤ ਟ੍ਰੈਂਡਿੰਗ 


ਸਿੱਧੂ ਮੂਸੇਵਾਲਾ ਦੇ ਦੋ ਗੀਤ ਯੂਟਿਊਬ ਟੌਪ ਥ੍ਰੀ ਵਿੱਚ ਟ੍ਰੈਂਡ ਕਰ ਰਹੇ ਹਨ। ਸਿੱਧੂ ਦਾ ਗੀਤ 'LEVELS ਪਹਿਲੇ ਨੰਬਰ 'ਤੇ ਅਤੇ THE LAST RIDE' ਗੀਤ ਤੀਜੇ ਨੰਬਰ 'ਤੇ ਟਰੈਂਡ ਕਰ ਰਿਹਾ ਹੈ। ਇਨ੍ਹਾਂ ਗੀਤਾਂ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਪੁਰਾਣੇ ਗੀਤਾਂ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। 29 ਮਈ ਨੂੰ ਮੂਸੇਵਾਲਾ ਦੇ ਕਤਲ ਵਾਲੇ ਦਿਨ  'THE LAST RIDE' ਗੀਤ ਅੱਠਵੇਂ ਨੰਬਰ 'ਤੇ ਸੀ। ਇਸ ਦੇ ਨਾਲ ਹੀ ਉਸ ਦੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਸਾਰੇ ਵੈਰੀਫਾਈਡ ਪੇਜ ਦੇ ਫਾਲੋਅਰਸ ਲਗਾਤਾਰ ਵਧ ਰਹੇ ਹਨ।