ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ ਹਰਿਆਣਾ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਫਤਿਹਾਬਾਦ ਜ਼ਿਲ੍ਹੇ ਤੋਂ ਫੜਿਆ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ ਫੜੇ ਗਏ ਮੁਲਜ਼ਮ ਪਵਨ ਬਿਸ਼ਨੋਈ ਅਤੇ ਖਾਨ ਹਨ। ਦੋਵੇਂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਹੋਏ ਹਨ। ਸੂਤਰਾਂ ਅਨੁਸਾਰ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਬੋਲੈਰੋ ਗੱਡੀ ਨਾਲ ਉਨ੍ਹਾਂ ਦਾ ਸਬੰਧ ਹੈ। ਇਸ ਦੌਰਾਨ ਦਿੱਲੀ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਵੀ ਕਾਤਲਾਂ ਦੀ ਭਾਲ ਵਿੱਚ ਨੇਪਾਲ ਗਈ ਹੈ।



ਕੋਰੋਲਾ ਨਾਲ ਉਸੇ ਬੋਲੈਰੋ 'ਚ ਆਏ ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਕੀਤੀ ਸੀ। ਦੋਵਾਂ ਖ਼ਿਲਾਫ਼ ਮੋਗਾ ਵਿੱਚ ਕਤਲ ਦਾ ਕੇਸ ਵੀ ਦਰਜ ਹੈ। ਇਸ ਤੋਂ ਇਲਾਵਾ ਪੁਲਿਸ ਨੇ ਗੈਂਗਸਟਰ ਲਾਰੈਂਸ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹੁਣ ਉਸਦੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੋਲ 5 ਦਿਨਾਂ ਦਾ ਵਾਰੰਟ ਖਤਮ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਕੋਰੋਲਾ ਗੱਡੀ ਦਾ ਹੋ ਚੁੱਕਾ ਖੁਲਾਸਾ  
ਪੁਲੀਸ ਨੇ ਕੋਰੋਲਾ ਗੱਡੀ ਨੂੰ ਟਰੇਸ ਕਰ ਲਿਆ ਹੈ ,ਜਿਸ ਵਿੱਚ ਸ਼ਾਰਪ ਸ਼ੂਟਰ ਆਏ ਸਨ। ਇਹ ਕੋਰੋਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਦੀ ਹੈ। ਜਿਸ ਨੇ ਬਠਿੰਡਾ 'ਚ ਗੈਂਗਸਟਰ ਕੁਲਬੀਰ ਨਰੂਆਣਾ ਦਾ ਕਤਲ ਕੀਤਾ ਸੀ। ਇਹ ਕੋਰੋਲਾ ਉਸ ਨੇ ਹੀ ਭਾਗੀਬੰਦਰ ਵਿੱਚ ਆਪਣੇ ਇੱਕ ਆਦਮੀ ਤੋਂ ਅੱਗੇ ਭੇਜੀ ਸੀ। ਇਸ ਪਿੱਛੇ ਗੈਂਗਸਟਰ ਸਾਰਜ ਮਿੰਟੂ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਮਿੰਟੂ ਹੀ ਸੀ ,ਜਿਸ ਨੇ ਮੰਨਾ ਨੂੰ ਕੋਰੋਲਾ ਸ਼ੂਟਰਾਂ ਨੂੰ ਦੇਣ ਲਈ ਕਿਹਾ ਸੀ। ਪੁਲਿਸ  ਨੇ ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ਲੈ ਕੇ ਪੁੱਛਗਿੱਛ ਕੀਤੀ ਹੈ।

ਲਾਰੇਂਸ ਨੂੰ ਲਿਆਏਗੀ ਪੁਲਿਸ, ਹਾਈਕੋਰਟ ਤੋਂ ਖਾਰਜ ਹੋ ਚੁੱਕੀ ਪਟੀਸ਼ਨ
ਪੰਜਾਬ ਪੁਲਿਸ ਹੁਣ ਗੈਂਗਸਟਰ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਏਗੀ। ਲਾਰੈਂਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਉਸ ਨੇ ਪੰਜਾਬ ਪੁਲਿਸ ਨੂੰ ਪ੍ਰੋਡਕਸ਼ਨ ਵਾਰੰਟ ਨਾ ਦੇਣ ਦੀ ਮੰਗ ਕੀਤੀ ਸੀ।

ਹਾਲਾਂਕਿ, ਪੰਜਾਬ ਸਰਕਾਰ ਨੇ ਕਿਹਾ ਕਿ ਅਜੇ ਤੱਕ ਉਸ ਦਾ ਨਾਂ ਐਫਆਈਆਰ ਵਿੱਚ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਗਈ ਹੈ। ਇਸ ਦਲੀਲ ਤੋਂ ਬਾਅਦ ਹਾਈਕੋਰਟ ਨੇ ਲਾਰੈਂਸ ਦੀ ਪਟੀਸ਼ਨ ਖਾਰਜ ਕਰ ਦਿੱਤੀ। ਹਾਲਾਂਕਿ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਪਿਤਾ ਦੇ ਬਿਆਨ ਵਿੱਚ ਲਾਰੈਂਸ ਦਾ ਨਾਮ ਦਰਜ ਹੈ। ਉਸ ਆਧਾਰ 'ਤੇ ਪੁਲਿਸ ਉਸ ਦਾ ਪ੍ਰੋਡਕਸ਼ਨ ਵਾਰੰਟ ਲਵੇਗੀ।